‘ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਬਾਰੇ ਜਾਗਰੂਕਤਾ ਫੈਲਾਉਣ ਲਈ 1 ਲੱਖ NCC ਕੈਡਿਟ ਸਰਕਾਰ ਦੀ ਕਰਨਗੇ ਮਦਦ’

Friday, Aug 12, 2022 - 05:22 PM (IST)

ਚੰਡੀਗੜ੍ਹ (ਬਿਊਰੋ) : ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਐੱਨ. ਸੀ. ਸੀ. ਕੈਡਿਟਾਂ ਦੀਆਂ ਸੇਵਾਵਾਂ ਲਈ ਅੱਜ ਇੱਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨੈਸ਼ਨਲ ਕੈਡਿਟ ਕਾਰਪਸ (ਐੱਨ. ਸੀ. ਸੀ.) ਦਰਮਿਆਨ ਇਕ ਸਮਝੌਤਾ (ਐੱਮ. ਓ. ਯੂ.) ਹੋਇਆ। ਅੱਜ ਇੱਥੇ ਸੈਕਟਰ 31 ਸਥਿਤ ਐੱਨ. ਸੀ. ਸੀ. ਹੈੱਡਕੁਆਰਟਰ ਵਿਖੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਹਾਜ਼ਰੀ ’ਚ ਐੱਨ. ਸੀ. ਸੀ. ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਦੇ ਵਧੀਕ ਡਾਇਰੈਕਟਰ ਜਨਰਲ ਮੇਜਰ ਜਨਰਲ ਰਾਜੀਵ ਛਿੱਬਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕਰੂਨੇਸ਼ ਗਰਗ ਵੱਲੋਂ ਇਸ ਸਮਝੌਤੇ ’ਤੇ ਦਸਤਖਤ ਕੀਤੇ ਗਏ।

ਇਹ ਖ਼ਬਰ ਵੀ ਪੜ੍ਹੋ : ਆਮ ਆਦਮੀ ਕਲੀਨਿਕਾਂ ਨੂੰ ਲੈ ਕੇ ਸਿਹਤ ਮੰਤਰੀ ਜੌੜਾਮਾਜਰਾ ਨੇ ਕੀਤਾ ਅਹਿਮ ਐਲਾਨ

ਇਸ ਨਵੀਨ ਪਹਿਲਕਦਮੀ ’ਚ ਲਗਭਗ ਇਕ ਲੱਖ ਐੱਨ. ਸੀ. ਸੀ. ਕੈਡਿਟ ਸ਼ਾਮਲ ਹੋਣਗੇ ਅਤੇ ਇਹ ਪਹਿਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 5 ਅਗਸਤ ਨੂੰ ਇਕ ਵਾਰ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਵਿਰੁੱਧ ਰਾਜ ਵਿਆਪੀ ਪੱਧਰ ’ਤੇ ਸ਼ੁਰੂ ਕੀਤੀ ਗਈ ਮੁਹਿੰਮ ਦਾ ਹਿੱਸਾ ਹੈ। ਵਿਭਾਗ ਵੱਲੋਂ ਜ਼ਿਲ੍ਹਿਆਂ, ਸਬ- ਡਵੀਜ਼ਨਾਂ, ਸ਼ਹਿਰਾਂ ਅਤੇ ਪਿੰਡਾਂ ’ਚ ਸਿੰਗਲ ਯੂਜ਼ ਪਲਾਸਟਿਕ/ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ’ਤੇ ਰੋਕ ਲਾਉਣ ਸਬੰਧੀ ਵੱਖ-ਵੱਖ ਥਾਵਾਂ ’ਤੇ ਜਾਗਰੂਕਤਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਸਦੇ ਬਦਲ ਅਪਣਾਉਣ ਦੀ ਅਪੀਲ ਕੀਤੀ ਜਾਵੇਗੀ। ਸੂਬੇ ਨੂੰ ਪਲਾਸਟਿਕ ਰਹਿੰਦ-ਖੂੰਹਦ/ਪਲਾਸਟਿਕ ਦੇ ਥੈਲਿਆਂ ਤੋਂ ਮੁਕਤ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਨੈਸ਼ਨਲ ਕੈਡਿਟ ਕਾਰਪਸ (ਐੱਨ.ਸੀ.ਸੀ.) ਦੀਆਂ ਵੱਖ-ਵੱਖ ਇਕਾਈਆਂ ਦੇ ਅਧਿਕਾਰੀਆਂ/ਕੈਡਿਟਾਂ ਦੀ ਸਹਾਇਤਾ ਵੀ ਲਈ ਜਾਵੇਗੀ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਵਾਲਾ ਸਭ ਤੋਂ ਸਿਹਤਮੰਦ ਸੂਬਾ ਬਣਾਉਣ ’ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਮੇਜਰ ਜਨਰਲ ਰਾਜੀਵ ਛਿੱਬਰ ਨੇ ਪੁਰਜ਼ੋਰ ਉਮੀਦ ਜ਼ਾਹਿਰ ਕੀਤੀ ਕਿ ਇਹ ਸਮਝੌਤਾ ਪੰਜਾਬ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਸਹਾਈ ਸਿੱਧ ਹੋਵੇਗਾ। ਜ਼ਿਕਰਯੋਗ ਹੈ ਕਿ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਮੌਸਮੀ ਤਬਦੀਲੀ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਤਹਿਤ 1 ਜੁਲਾਈ, 2022 ਤੋਂ ਚੋਣਵੀਆਂ ਸਿੰਗਲ ਯੂਜ਼ ਪਲਾਸਟਿਕ (ਐੱਸ. ਯੂ. ਪੀ.) ਵਸਤੂਆਂ ਦੇ ਨਿਰਮਾਣ, ਦਰਾਮਦ, ਭੰਡਾਰਨ, ਵੰਡ, ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ।


Manoj

Content Editor

Related News