ਦੋ ਧਿਰਾਂ ਦੀ ਲੜਾਈ ''ਚ 1 ਦੀ ਮੌਤ, ਦੋ ਜ਼ਖਮੀ
Wednesday, Dec 06, 2017 - 11:33 PM (IST)

ਕੋਟਕਪੂਰਾ, (ਨਰਿੰਦਰ, ਭਾਵਿਤ)-ਮੁਹੱਲਾ ਗਾਂਧੀ ਬਸਤੀ ਵਿਖੇ ਹੋਈ ਲੜਾਈ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਗਾਂਧੀ ਬਸਤੀ ਦੀ ਮੇਨ ਗਲੀ 'ਚ ਗੁਆਂਢ 'ਚ ਹੀ ਰਹਿੰਦੇ ਦੋ ਧਿਰਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ, ਜਿਸ ਦੌਰਾਨ ਰਾਮ ਲਾਲ ਰਾਮੂ ਪੁੱਤਰ ਮੰਗਲ ਰਾਮ, ਮੰਗਲ ਰਾਮ ਅਤੇ ਮੁਕੇਸ਼ ਕੁਮਾਰ ਪੁੱਤਰ ਰਾਜ ਕੁਮਾਰ ਰਾਜੂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਲਈ ਰੈਫਰ ਕਰ ਦਿੱਤਾ। ਇਸ ਦੌਰਾਨ ਬੁੱਧਵਾਰ ਨੂੰ ਮੰਗਲ ਰਾਮ (70) ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਵਾਸਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਭੇਜ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਥਾਣਾ ਮੁਖੀ ਚਰਨਜੀਤ ਕੌਰ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਜਾਰੀ ਹੈ। ਸੰਪਰਕ ਕਰਨ 'ਤੇ ਤਫਤੀਸ਼ੀ ਅਫਸਰ ਚਰਨਜੀਤ ਕੌਰ ਐੱਸ. ਐੱਚ. ਓ. ਥਾਣਾ ਸਿਟੀ ਕੋਟਕਪੂਰਾ ਨੇ ਦੱਸਿਆ ਕਿ ਲੜਾਈ ਦੌਰਾਨ 40 ਸਾਲਾ ਨੌਜਵਾਨ ਰਾਮ ਲਾਲ ਰਾਮੂ ਵੀ ਜਖਮੀ ਹੋ ਗਿਆ ਸੀ ਤੇ ਉਸ ਨੇ ਪੁਲਿਸ ਕੋਲ ਦੋਸ਼ ਲਾਇਆ ਹੈ ਕਿ ਦੂਜੀ ਧਿਰ ਨੇ ਉਸਦੇ ਪਿਤਾ ਮੰਗਲ ਰਾਮ ਦਾ ਕਤਲ ਕਰ ਦਿੱਤਾ ਹੈ ਪਰ ਮੰਗਲ ਰਾਮ ਦੇ ਪੋਸਟਮਾਰਟਮ ਲਈ ਬਕਾਇਦਾ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਬੋਰਡ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆਵੇਗੀ। ਉਨ੍ਹਾਂ ਦੱਸਿਆ ਕਿ ਰਾਮ ਲਾਲ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ, ਜਦਕਿ ਦੂਜੀ ਧਿਰ ਦਾ ਨੌਜਵਾਨ ਮੁਕੇਸ਼ ਕੁਮਾਰ ਪੁੱਤਰ ਰਾਜ ਕੁਮਾਰ ਰਾਜੂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਜੇਰੇ ਇਲਾਜ ਹੈ।