DSP ਦੇ ਭਰਾ-ਭਾਬੀ ਆਪਣੇ ਸਾਥੀ ਸਮੇਤ 5 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ

08/20/2019 9:01:45 PM

ਲੁਧਿਆਣਾ,(ਅਨਿਲ): ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਬੀਤੀ ਰਾਤ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪੰਜਾਬ ਪੁਲਸ ਦੇ ਡੀ. ਐਸ. ਪੀ. ਦੇ ਛੋਟੇ ਭਰਾ, ਭਾਬੀ ਸਮੇਤ 3 ਨਸ਼ਾ ਤਸਕਰਾਂ ਨੂੰ 5 ਕਰੋੜ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਅੱਜ ਐਸ. ਟੀ. ਐਫ. ਦੇ ਏ. ਆਈ. ਜੀ. ਸ਼ਰਮਾ ਤੇ ਡੀ. ਐਸ. ਪੀ. ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ. ਟੀ. ਐਫ. ਦੇ ਲੁਧਿਆਣਾ ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇਕ ਵਿਅਕਤੀ ਤੇ ਮਹਿਲਾ ਅੰਮ੍ਰਿਤਸਰ ਤੋਂ ਹੈਰੋਇਨ ਦੀ ਖੇਪ ਲੈ ਕੇ ਭਾਈ ਰਣਧੀਰ ਸਿੰਘ ਨਗਰ 'ਚ ਆਏ ਹਨ। ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਸਖ਼ਤ ਕਾਰਵਾਈ ਕਰਦੇ ਹੋਏ ਮੌਕੇ 'ਤੇ ਛਾਪੇਮਾਰੀ ਕੀਤੀ। ਜਿਸ ਦੌਰਾਨ ਐਸ. ਟੀ. ਐਫ. ਦੀ ਟੀਮ ਨੇ ਮੌਕੇ 'ਤੇ 2 ਕਾਰਾਂ ਨੂੰ ਤਲਾਸ਼ੀ ਲਈ, ਜਿਸ 'ਚੋਂ ਪੁਲਸ ਨੇ 2 ਵਿਅਕਤੀਆਂ ਤੇ ਇਕ ਮਹਿਲਾ ਕੋਲੋਂ 1 ਕਿਲੋ 52 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ। ਹੈਰੋਇਨ ਦੇ ਨਾਂਲ ਉਕਤ ਲੋਕਾਂ ਤੋਂ ਇਕ ਲੱਖ 2 ਹਜ਼ਾਰ ਰੁਪਏ ਦੀ ਡਰੱਗ ਮਨੀ, ਇਕ ਇਲੈਕਟ੍ਰੋਨਿਕ ਕਾਂਟਾ, 100 ਖਾਲੀ ਲਿਫਾਫੇ ਬਰਾਮਦ ਕੀਤੇ ਗਏ। ਜਿਸ ਤੋਂ ਬਾਅਦ ਪੁਲਸ ਨੇ ਤਿੰਨੇ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਪਛਾਣ ਡੀ. ਐਸ. ਪੀ. ਦੇ ਭਰਾ ਹਰਪ੍ਰੀਤ ਸਿੰਘ ਨੈਟੀ (49) ਪੁੱਤਰ ਅਮਰਜੀਤ ਸਿੰਘ, ਡੀ. ਐਸ. ਪੀ. ਦੀ ਭਾਬੀ ਸਰਬਜੀਤ ਕੌਰ (35) ਪਤਨੀ ਹਰਪ੍ਰੀਤ ਸਿੰਘ ਨੈਟੀ  ਵਾਸੀ ਮਾਡਲ ਟਾਊਨ, ਦਰਬਾਰਾ ਸਿੰਘ ਬਿੱਲਾ (35) ਪੁੱਤਰ ਜੋਗਿੰਦਰ ਸਿੰਘ ਵਾਸੀ ਬੀ. ਆਰ. ਐਸ. ਨਗਰ ਲੁਧਿਆਣਾ ਦੇ ਰੂਪ 'ਚ ਕੀਤੀ ਗਈ ਹੈ।


Related News