ਹਾਦਸੇ ''ਚ 1 ਦੀ ਮੌਤ, 1 ਜ਼ਖਮੀ
Monday, Mar 05, 2018 - 06:25 AM (IST)

ਫਾਜ਼ਿਲਕਾ, (ਨਾਗਪਾਲ, ਲੀਲਾਧਰ)— ਪਿੰਡ ਕਰਨੀਖੇੜਾ ਦੇ ਸੇਮਨਾਲੇ ਦੇ ਪੁਲ ਨੇੜੇ ਬੀਤੀ ਰਾਤ ਮੋਟਰਸਾਈਕਲ ਅਤੇ ਕਾਰ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ।
ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕ ਮਿਹਰ ਸਿੰਘ (35) ਵਾਸੀ ਪਿੰਡ ਮੰਡੀ ਹਜੂਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਿਹਰ ਸਿੰਘ ਬੀਤੇ ਦਿਨ ਮੋਟਰਸਾਈਕਲ 'ਤੇ ਸ਼ਹਿਰ ਵਿਚ ਕਿਸੇ ਕੰਮ ਲਈ ਆਇਆ ਸੀ। ਜਦੋਂ ਉਹ ਸ਼ਾਮ ਲਗਭਗ 7 ਵਜੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਤਾਂ ਰਸਤੇ ਵਿਚ ਪਿੰਡ ਕਰਨੀਖੇੜਾ ਦੇ ਸੇਮਨਾਲੇ ਦੇ ਪੁਲ ਨੇੜੇ ਸਾਹਮਣੇ ਤੋਂ ਆ ਰਹੀ ਇਕ ਕਾਰ ਨਾਲ ਉਸ ਦੀ ਟੱਕਰ ਹੋ ਗਈ। ਟੱਕਰ ਹੋਣ ਨਾਲ ਮਿਹਰ ਸਿੰਘ ਦੇ ਸੜਕ 'ਤੇ ਡਿੱਗਣ ਕਾਰਨ ਸਿਰ 'ਤੇ ਸੱਟਾਂ ਲੱਗੀਆਂ।
ਜ਼ਖਮੀ ਹਾਲਤ ਵਿਚ ਉਸ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅਗਲੇ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਪਰ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਸ਼੍ਰੀ ਗੰਗਾਨਗਰ ਲੈ ਗਏ, ਜਿਥੇ ਇਕ ਨਿੱਜੀ ਹਸਪਤਾਲ 'ਚ ਉਸ ਦੀ ਅੱਜ ਸਵੇਰੇ ਮੌਤ ਹੋ ਗਈ, ਜਿਸ ਦਾ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਗਿਆ। ਘਟਨਾ ਸਬੰਧੀ ਥਾਣਾ ਸਦਰ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਜਲਾਲਾਬਾਦ, (ਗੋਇਲ)—ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਸਾਹਮਣੇ ਬੀਤੀ ਰਾਤ ਇਕ ਟਰੈਕਟਰ-ਟਰਾਲੀ ਦੀ ਟੱਕਰ ਨਾਲ ਛੋਟਾ ਟੈਂਪੂ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਦੀ ਪਛਾਣ ਜੋਗਿੰਦਰ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਗਾਂਧੀ ਨਗਰ ਜਲਾਲਾਬਾਦ ਦੇ ਰੂਪ ਵਿਚ ਹੋਈ ਹੈ। ਇਸ ਦੌਰਾਨ ਜ਼ਖਮੀ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਹਾਲਾਤ ਗੰਭੀਰ ਹੋਣ ਕਾਰਨ ਸਿਵਲ ਹਸਪਤਾਲ ਮੁਕਤਸਰ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜੋਗਿੰਦਰ ਕੁਮਾਰ ਦੀ ਲੱਤ ਟੁੱਟ ਗਈ ਹੈ ਅਤੇ ਗਲੇ 'ਤੇ ਵੀ ਗੰਭੀਰ ਸੱਟ ਵੱਜੀ ਹੈ। ਸਿਟੀ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।