ਸਰਕਾਰੀ ਕਣਕ ਪਲੰਥਾਂ ’ਚ 1.90 ਕਰੋੜ ਦਾ ਘਪਲਾ, ਵਿਭਾਗ ਵੱਲੋਂ ਚੈਕਿੰਗ ’ਤੇ ਮਾਮਲਾ ਦਰਜ
Thursday, Jun 23, 2022 - 09:28 PM (IST)
ਮੋਗਾ (ਅਜ਼ਾਦ, ਗੋਪੀ ਰਾਊਕੇ) : ਜ਼ਿਲ੍ਹਾ ਮੋਗਾ ਦੇ ਬਾਘਾ ਪੁਰਾਣਾ ਵਿਖੇ ਕਣਕ ਦੇ ਪਲੰਥਾਂ 'ਚ 1.90 ਕਰੋੜ ਦੀ ਕਣਕ ਖੁਰਦ-ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਕੀਤੀ ਚੈਕਿੰਗ ਮਗਰੋਂ ਸਮਾਧ ਭਾਈ ਕੇਂਦਰ ਦੇ ਨਿਰੀਖਕ ਸਮੇਤ 2 ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਨੂੰ ਇਹ ਸ਼ਿਕਾਇਤ ਮਿਲੀ ਸੀ ਕਿ ਬਾਘਾ ਪੁਰਾਣਾ ਖੇਤਰ 'ਚ ਪੈਂਦੇ ਪਲੰਥਾਂ ਵਿੱਚ ਸਰਕਾਰੀ ਕਣਕ 'ਚੋਂ ਬਹੁਤ ਸਾਰਾ ਅਨਾਜ ਕਥਿਤ ਤੌਰ ’ਤੇ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵੇਚਿਆ ਗਿਆ ਹੈ ਅਤੇ ਜੇਕਰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਸੱਚਾਈ ਸਾਹਮਣੇ ਆ ਸਕਦੀ ਹੈ।
ਇਹ ਵੀ ਪੜ੍ਹੋ : ਵੱਡੀ ਖਬ਼ਰ : ਸੀਨੀਅਰ IPS ਅਧਿਕਾਰੀ ਦਿਨਕਰ ਗੁਪਤਾ NIA ਦੇ ਨਵੇਂ DG ਨਿਯੁਕਤ (ਵੀਡੀਓ)
ਇਸ ਮਗਰੋਂ 17 ਜੂਨ ਨੂੰ ਸਹਾਇਕ ਖੁਰਾਕ ਅਤੇ ਸਿਵਲ ਸਪਲਾਈਜ਼ ਅਫ਼ਸਰ ਤਰਨਤਾਰਨ ਦੀ ਅਗਵਾਈ ਵਾਲੀ ਟੀਮ ਵੱਲੋਂ ਜਾਂਚ ਕੀਤੀ ਗਈ। ਅਨਾਜ ਪਲੰਥਾਂ ਨੂੰ ਸੀਲ ਕਰਕੇ ਜਦੋਂ ਜਾਂਚ ਕੀਤੀ ਗਈ ਤਾਂ 733. 32 ਮੀਟ੍ਰਿਕ ਟਨ ਕਣਕ ਖੁਰਦ-ਬੁਰਦ ਪਾਈ ਗਈ, ਜਿਸ ਨਾਲ ਸਰਕਾਰ ਨੂੰ ਲਗਭਗ 1.90 ਕਰੋੜ ਦਾ ਘਾਟਾ ਪਿਆ ਹੈ। ਜ਼ਿਲਾ ਕੰਟਰੋਲਰ ਮੋਗਾ ਵੱਲੋਂ ਇਸ ਸਬੰਧੀ ਜ਼ਿਲ੍ਹਾ ਪੁਲਸ ਕਪਤਾਨ ਮੋਗਾ ਨੂੰ ਪੱਤਰ ਲਿਖਿਆ ਗਿਆ, ਜਿਸ ਮਗਰੋਂ ਚਰਨਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਨਿਰੀਖਕ ਅਤੇ ਜਗਰਾਜ ਸਿੰਘ ਪੁੱਤਰ ਚਾਨਣ ਜੋ ਕਿ ਇਸ ਸਟਾਕ ਦੀ ਦੇਖ-ਰੇਖ ਕਰਦੇ ਸਨ, ਵਿਰੁੱਧ ਸਰਕਾਰੀ ਅਨਾਜ ਨੂੰ ਖੁਰਦ- ਬੁਰਦ ਕਰਨ ਦੇ ਮਾਮਲੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਬੂਟਾ ਸਿੰਘ ਸਹਾਇਕ ਸਬ-ਇੰਸਪੈਕਟਰ ਕਰ ਰਹੇ ਹਨ। ਦੋਹਾਂ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।
ਇਹ ਵੀ ਪੜ੍ਹੋ : ਤਿਰੰਗੇ 'ਚ ਲਿਪਟ ਕੇ ਆਈ ਸ਼ਹੀਦ ਸਵਰਨਜੀਤ ਸਿੰਘ ਦੀ ਲਾਸ਼, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ