ਸੰਯੁਕਤ ਰਾਸ਼ਟਰ ਨੇ ਕਿਹਾ- ਮਿਆਂਮਾਰ ਦੀ ਫੌਜ ਨੂੰ ਰਾਜਨੀਤੀ ''ਚੋਂ ਬਾਹਰ ਕੀਤਾ ਜਾਣਾ ਚਾਹੀਦੈ

09/18/2018 3:51:55 PM

ਯਾਂਗੂਨ (ਭਾਸ਼ਾ)— ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਜਾਂਚਕਰਤਾਵਾਂ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਮਿਆਂਮਾਰ ਦੀ ਫੌਜ ਨੂੰ ਦੇਸ਼ ਦੀ ਰਾਜਨੀਤੀ 'ਚੋਂ ਬਾਹਰ ਕਰ ਦਿੱਤਾ ਜਾਣਾ ਚਾਹੀਦਾ ਹੈ। ਜਾਂਚਕਰਤਾਵਾਂ ਨੇ ਆਪਣੀ ਅੰਤਿਮ ਜਾਂਚ ਰਿਪੋਰਟ ਜਾਰੀ ਕਰਦੇ ਹੋਏ ਰੋਹਿੰਗਿਆ ਮੁਸਲਮਾਨਾਂ ਦੇ ਕਤਲੇਆਮ ਮਾਮਲੇ ਵਿਚ ਫੌਜ ਦੇ ਉੱਚ ਜਨਰਲਾਂ ਵਿਰੁੱਧ ਮੁਕੱਦਮਾ ਚਲਾਉਣ ਦੀ ਅਪੀਲ ਨੂੰ ਵੀ ਦੁਹਰਾਇਆ ਹੈ। ਸੰਯੁਕਤ ਰਾਸ਼ਟਰ ਦੀ 444 ਪੰਨੇ ਦੀ ਜਾਂਚ ਰਿਪੋਰਟ 'ਚ ਮਿਆਂਮਾਰ ਫੌਜ ਦੀ ਉੱਚ ਲੀਡਰਸ਼ਿਪ ਨੂੰ ਅਹੁਦੇ ਤੋਂ ਹਟਾਉਣ ਅਤੇ ਦੇਸ਼ ਦੀ ਰਾਜਨੀਤੀ ਅਤੇ ਸ਼ਾਸਨ ਵਿਵਸਥਾ 'ਤੇ ਫੌਜ ਦੇ ਪ੍ਰਭਾਵ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਇੱਥੇ ਫੌਜ ਨੂੰ ਤਾਤਮਾਦਾਵ ਕਿਹਾ ਜਾਂਦਾ ਹੈ।

ਬੌਧ ਬਹੁਗਿਣਤੀ ਇਸ ਦੇਸ਼ ਵਿਚ ਫੌਜ ਦਾ ਪ੍ਰਭਾਵ ਹੈ ਅਤੇ ਉਸ ਦਾ ਸੰਸਦ ਦੀ ਇਕ ਚੌਥਾਈ ਸੀਟ 'ਤੇ ਕਬਜ਼ਾ ਹੋਣ ਨਾਲ ਹੀ ਤਿੰਨ ਮੰਤਰਾਲੇ ਉਸ ਦੇ ਕੰਟਰੋਲ ਵਿਚ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਦੀ ਸਰਕਾਰ ਨੂੰ ਮਿਆਂਮਾਰ ਦੀ ਰਾਜਨੀਤੀ ਤੋਂ ਮਿਆਂਮਾਰ ਦੀ ਫੌਜ ਨੂੰ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਦਾ ਇਹ ਵਿਸਥਾਰਪੂਰਵਕ ਵਿਸ਼ਲੇਸ਼ਣ 18 ਮਹੀਨੇ ਦੇ ਕੰਮ ਅਤੇ 850 ਤੋਂ ਵੱਧ ਇੰਟਰਵਿਊ 'ਤੇ ਆਧਾਰਿਤ ਹੈ। ਇਸ ਵਿਚ ਕੌਮਾਂਤਰੀ ਭਾਈਚਾਰੇ ਤੋਂ ਮੰਗ ਕੀਤੀ ਗਈ ਹੈ ਕਿ ਉਹ ਮਿਆਂਮਾਰ ਦੀ ਫੌਜ ਦੇ ਕਮਾਂਡਰ ਇਨ ਚੀਫ ਮਿਨ ਆਂਗ ਹਾਲੀਯਾਂਗ ਸਮੇਤ ਫੌਜ ਦੇ ਉੱਚ ਅਹੁਦਿਆਂ ਦੇ ਅਧਿਕਾਰੀਆਂ ਵਿਰੁੱਧ ਜਾਂਚ ਸ਼ੁਰੂ ਕਰਨ।


Related News