ਸੈਰ-ਸਪਾਟਾ ਉਦਯੋਗ ਪੰਜਾਬ ਦੇ ਆਰਥਿਕ ਵਿਕਾਸ ''ਚ ਅਹਿਮ ਭੂਮਿਕਾ ਨਿਭਾਵੇਗਾ : ਸਿੱਧੂ

09/18/2018 9:22:41 AM

ਚੰਡੀਗੜ੍ਹ (ਅਸ਼ਵਨੀ)—ਸੈਰ-ਸਪਾਟਾ ਉਦਯੋਗ ਵਲੋਂ ਨੇੜਲੇ ਭਵਿੱਖ ਵਿਚ ਪੰਜਾਬ ਦੇ ਆਰਥਿਕ ਵਿਕਾਸ ਲਈ ਅਹਿਮ ਭੂਮਿਕਾ ਨਿਭਾਏ ਜਾਣ 'ਤੇ ਜ਼ੋਰ ਦਿੰਦਿਆਂ ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ ਸੈਰ ਸਪਾਟਾ ਸਨਅਤ ਦੀ 20 ਫੀਸਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਲਈ ਸੰਜੀਦਗੀ ਨਾਲ ਯਤਨਸ਼ੀਲ ਹੈ।  ਟੂਰਿਜ਼ਮ ਖੇਤਰ ਦੇ ਕੌਮਾਂਤਰੀ ਨੁਮਾਇੰਦਿਆਂ ਅੱਗੇ ਸੈਰ-ਸਪਾਟਾ ਸਮਰੱਥਾ ਵਾਲੇ ਪੰਜਾਬ ਨੂੰ ਬਤੌਰ ਬਰਾਂਡ ਪੇਸ਼ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਜੋਸ਼ੀਲੇ ਲੋਕ ਅਤੇ ਇਥੋਂ ਦਾ ਅਗਾਂਹਵਧੂ ਸੱਭਿਆਚਾਰ ਕੌਮਾਂਤਰੀ ਸੈਲਾਨੀਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਨਗੇ। ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ 'ਬਰਾਂਡ ਪੰਜਾਬ' ਸੂਬੇ ਵਿਚ ਰੋਜ਼ਗਾਰ ਸਿਰਜਣ ਅਤੇ ਇਸ ਦੇ ਆਰਥਿਕ ਵਿਕਾਸ ਨੂੰ ਹੁਲਾਰੇ ਦੇਣ ਲਈ ਸੰਭਾਵਨਾਵਾਂ ਭਰਪੂਰ ਹੈ।

'ਇੰਡੀਆ ਟੂਰਿਜ਼ਮ ਮਾਰਟ-2018', ਜਿਸ ਵਿਚ ਪੰਜਾਬ ਇਕ ਭਾਗੀਦਾਰ ਸੂਬਾ ਹੈ। ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਦਾ ਇਸ ਟੂਰਿਜ਼ਮ ਮਾਰਟ ਵਿਚ ਪੁੱਜੇ ਹੋਏ 60 ਮੁਲਕਾਂ ਦੇ 400 ਤੋਂ ਵਧੇਰੇ ਪ੍ਰਤੀਨਿਧੀਆਂ ਨੂੰ ਪੰਜਾਬ ਦੀ ਧਾਰਮਿਕ, ਸੱਭਿਆਚਾਰਕ ਤੇ ਵਿਰਸੇ ਪੱਖੋਂ ਅਮੀਰੀ ਤੋਂ ਜਾਣੂ ਕਰਵਾਉਣ ਲਈ ਇਹ ਸੰਜੀਦਾ ਹੰਭਲਾ ਹੈ। ਸਿੱਧੂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਜਿਹਾ ਪਾਵਨ ਸਥਾਨ ਹੈ, ਜਿਥੇ ਰੋਜ਼ਾਨਾ ਸਵਾ ਲੱਖ ਤੋਂ ਵਧੇਰੇ ਲੋਕ ਦਰਸ਼ਨਾਂ ਲਈ ਆਉਂਦੇ ਹਨ ਅਤੇ ਭਾਰਤ ਵਿਚ ਰੋਜ਼ਾਨਾ ਲੋਕਾਂ ਦੀ ਆਮਦ ਪੱਖੋਂ ਇਹ ਸਥਾਨ ਤਾਜ ਮਹੱਲ ਤੋਂ ਬਹੁਤ ਅੱਗੇ ਹੈ। 

ਉਨ੍ਹਾਂ ਕਿਹਾ ਕਿ ਸੂਬੇ ਦੇ ਸੈਰ-ਸਪਾਟਾ ਖੇਤਰ ਦੀ ਪੂਰੀ ਸਮਰੱਥਾ ਨੂੰ ਉਭਾਰਨ ਲਈ ਪੰਜਾਬ ਸਰਕਾਰ ਵਲੋਂ ਢੁੱਕਵੇਂ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਕੌਮੀ ਅਤੇ ਕੌਮਾਂਤਰੀ ਪੱਧਰ ਉਤੇ ਇਸ ਦੀਆਂ ਧੁੰਮਾਂ ਪੈ ਸਕਣ। ਪੰਜਾਬ ਦੇ ਅਮੀਰ ਵਿਰਸੇ ਤੇ ਵਿਰਾਸਤ ਵੱਲ ਕੌਮਾਂਤਰੀ ਯਾਤਰੂਆਂ ਦੇ ਦਿਲ ਵਿਚ ਖਿੱਚ ਪੈਦਾ ਕਰਨ ਲਈ ਪੰਜਾਬ ਸਰਕਾਰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।


Related News