ਡਿਪਟੀ ਡੀ. ਈ. ਓ. ਵੱਲੋਂ ਪ੍ਰਾਇਮਰੀ ਸਕੂਲਾਂ ਦੀ ਚੈਕਿੰਗ

09/18/2018 2:48:31 AM

 ਗੁਰਦਾਸਪੁਰ,  (ਹਰਮਨਪ੍ਰੀਤ)-  ਅੱਜ ਡਿਪਟੀ ਡੀ. ਈ. ਓ. (ਐ) ਬਲਬੀਰ ਸਿੰਘ ਨੇ ਸਕੂਲਾਂ ’ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ‘ਪਡ਼੍ਹੋ ਪੰਜਾਬ-ਪਡ਼੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਬੇਸ ਲਾਈਨ ਦੇ ਪੱਧਰ ਦੀ ਜਾਂਚ ਕਰਨ ਲਈ ਵੱਖ-ਵੱਖ ਸਕੂਲਾਂ ਦੀ ਚੈਕਿੰਗ ਕੀਤੀ। ਇਸ ਉਪਰੰਤ ਉਨ੍ਹਾਂ ਛੁੱਟੀ ਤੋਂ ਬਾਅਦ ਬਲਾਕ ਕਾਹਨੂੰਵਾਨ-1 ਅਤੇ ਬਲਾਕ ਗੁਰਦਾਸਪੁਰ-1 ਦੇ ਅਧਿਆਪਕਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ 30 ਸਤੰਬਰ ਤੱਕ ਇਸ ਪ੍ਰਾਜੈਕਟ ਦੇ ਟੀਚੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਲਬੀਰ ਸਿੰਘ ਨੇ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ’ਤੇ ਸਾਰੇ ਪ੍ਰਾਇਮਰੀ ਸਕੂਲਾਂ ’ਚ ਬੇਸ ਲਾਈਨ ਦਾ ਕੰਮ ਮੁਕੰਮਲ ਕਰ ਕੇ ਹੁਣ ਟੈਸਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਕੂਲਾਂ ’ਚ ਤਸੱਲੀ ਬਖਸ਼ ਨਤੀਜੇ ਪ੍ਰਾਪਤ ਹੋ ਰਹੇ ਹਨ ਅਤੇ ਬੱਚਿਆਂ ਨੂੰ ਲਿਖਣ, ਬੋਲਣ, ਸਮਝਣ, ਗਣਿਤ ਦੇ ਅੰਕਾਂ ਦੀ ਪਹਿਚਾਣ ਕਰਨ, ਪਹਾਡ਼ੇ, ਜੋਡ਼ ਘਟਾਓ ਅਤੇ ਗੁਣਾਂ ਤਕਸੀਮ ’ਚ ਮੁਹਾਰਤ ਹਾਸਲ ਕਰਵਾਉਣ ਲਈ ਕਾਫੀ ਸਫਲਤਾ ਮਿਲ ਰਹੀ ਹੈ। ਇਸ ਮੌਕੇ ਜ਼ਿਲਾ ਕੋਆਰਡੀਨੇਟਰ ਵਿਸ਼ਾਲ ਮਨਹਾਸ ਨੇ ਕਿਹਾ ਕਿ ਤੀਸਰੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਐੱਸ. ਏ.-1 ਦੇ ਪੇਪਰ ਲਏ ਜਾਣ ਸਬੰਧੀ ਅਧਿਆਪਕਾਂ ਵੱਲੋਂ ਦਿੱਤੇ ਗਏ ਸੁਝਾਵਾਂ ਤਹਿਤ 21 ਸਤੰਬਰ ਤੋਂ 26 ਸਤੰਬਰ ਤੱਕ ਇਹ ਪੇਪਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੇਪਰ ਵਿਭਾਗ ਦੀ ਵੈਬਸਾਈਟ ’ਤੇ ਅਪਲੋਡ ਕਰ ਦਿੱਤੇ ਗਏ ਹਨ। ਇਸ ਮੌਕੇ ਅਮਰਜੀਤ ਸਿੰਘ, ਜਗਦੀਸ਼ ਰਾਜ ਬੈਂਸ, ਰਾਮ ਸਿੰਘ, ਨਿਸ਼ਚਿੰਤ ਕੁਮਾਰ, ਰਣਜੀਤ ਸਿੰਘ, ਦਵਿੰਦਰ ਸਿੰਘ, ਧਰਮਿੰਦਰ ਸਿੰਘ, ਲਵਪ੍ਰੀਤ ਸਿੰਘ, ਮਨਜਿੰਦਰ ਸਿੰਘ, ਅਜੀਬ ਸਿੰਘ, ਜਨਕ ਸਿੰਘ, ਬਲਕਾਰ ਅੱਤਰੀ ਆਦਿ ਹਾਜ਼ਰ ਸਨ। 
 


Related News