ਸ਼ਿਵ ਸੈਨਾ ਹਿੰਦੁਸਤਾਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਕੇ ਕੀਤਾ ਮੁਜ਼ਾਹਰਾ

09/16/2018 5:05:16 AM

 ਫਗਵਾਡ਼ਾ,   (ਜਲੋਟਾ)-  ਸ਼ਿਵ ਸੈਨਾ ਹਿੰਦੁਸਤਾਨ  ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧੀਅਾਂ ਕੀਮਤਾਂ ਪ੍ਰਤੀ ਡੂੰਘੀ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਸ਼ਨੀਵਾਰ ਨੂੰ ਫਗਵਾਡ਼ਾ ’ਚ ਸ਼ਿਵ ਸੈਨਾ ਦੇ ਸੂਬਾ ਮੀਤ ਪ੍ਰਧਾਨ ਮਨੀਸ਼ ਸੂਦ ਅਤੇ ਸੂਬਾ ਕਾਰਜਕਾਰਨੀ ਮੈਂਬਰ ਭਜਨ ਬਾਤੀ ਦੀ ਅਗਵਾਈ ਹੇਠ ਸਥਾਨਕ ਜੀ. ਟੀ. ਰੋਡ ’ਤੇ ਬੱਸ ਸਟੈਂਡ ਨਜ਼ਦੀਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਮੋਦੀ ਸਰਕਾਰ ਖਿਲਾਫ ਸ਼ਿਵ ਸੈਨਿਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਪਹਿਲਾਂ ਸ਼ਹਿਰ ’ਚ ਰੋਸ ਮਾਰਚ ਵੀ ਕੱਢਿਆ ਗਿਆ। ਮੋਦੀ ਦਾ ਪੁਤਲਾ ਫੂਕਣ ਤੋਂ ਬਾਅਦ ਮਨੀਸ਼ ਸੂਦ ਨੇ ਕਿਹਾ ਕਿ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਭਾਰੀ ਵਾਧਾ ਕਰ ਕੇ ਮੋਦੀ ਸਰਕਾਰ ਆਪਣੇ ਏਜੰਡੇ ਤੋਂ ਪਿੱਛੇ ਹੱਟ ਗਈ ਹੈ ਅਤੇ ਲੋਕ ਮਹਿੰਗਾਈ ਨਾਲ ਮਰ ਰਹੇ ਹਨ, ਜਿਸ ਦਾ ਹਿਸਾਬ ਭਾਰਤ  ਦੀ ਜਨਤਾ 2019 ਦੀਆਂ ਲੋਕ ਸਭਾ ਚੋਣਾਂ ’ਚ ਵਸੂਲ ਕਰੇਗੀ। ਮਨੀਸ਼ ਸੂਦ ਤੋਂ ਇਲਾਵਾ ਭਜਨ ਬਾਤੀ ਨੇ ਦੱਸਿਆ ਕਿ ਹਿੰਦੂ ਵਿਰੋਧੀ ਮੋਦੀ ਸਰਕਾਰ  ਖਿਲਾਫ ਸ਼ਿਵ ਸੈਨਾ ਹਿੰਦੁਸਤਾਨ 18 ਸੂਬਿਅਾਂ ’ਚ ਮੋਰਚਾ ਖੋਲ੍ਹ ਕੇ ਸੰਘਰਸ਼ ਕਰੇਗੀ। ਸ਼ਿਵ ਸੈਨਾ ਹਿੰਦੁਸਤਾਨ  ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ  ਦੀ ਅਗਵਾਈ ਹੇਠ ਅਗਲੀਆਂ ਲੋਕ ਸਭਾ ਚੋਣਾਂਂ ’ਚ ਕਾਂਗਰਸ  ਦੀ ਹਿੰਦੂ ਵਿਰੋਧੀ ਲੀਕ ’ਤੇ ਤੁਰ ਰਹੀ ਭਾਜਪਾ ਖਿਲਾਫ ਹਿੰਦੂ ਸਮਾਜ ਨੂੰ ਜਾਗਰੂਕ ਕਰਦੇ ਹੋਏ ਭਾਜਪਾ ਦੀ ਦੋਗਲੀ ਨੀਤੀ ਜਗ ਜ਼ਾਹਿਰ ਕੀਤੀ ਜਾਵੇਗੀ। ਇਸ ਮੌਕੇ ਰਾਜਕੁਮਾਰ ਭਾਰਦਵਾਜ, ਕਮਲ ਪਦਮ, ਰਿਸ਼ੀ, ਚਰਨਜੀਤ, ਸੌਰਵ ਬਸਰਾ, ਰਿੰਕੂ ਕੁਮਾਰ, ਨਵਦੀਪ ਮਾਨ, ਕਮਲ ਕੌਸ਼ਲ, ਕੁਲਦੀਪ, ਸੁਰੇਸ਼ ਯਾਦਵ, ਅਮਨ, ਲੱਡੂ, ਜਗਤਾਰ ਅਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਿਵ ਸੈਨਾ ਵਰਕਰ ਹਾਜ਼ਰ ਸਨ।
 


Related News