ਕੁਲਸੁਮ ਨਵਾਜ਼ ਦੀਆਂ ਅੰਤਿਮ ਰਸਮਾਂ 'ਚ ਨਹੀਂ ਸ਼ਾਮਲ ਹੋਏ ਉਨ੍ਹਾਂ ਦੇ ਦੋਵੇਂ ਪੁੱਤ

09/15/2018 3:32:56 PM

ਲਾਹੌਰ(ਏਜੰਸੀ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਬੇਗਮ ਕੁਲਸੁਮ ਨਵਾਜ਼ ਨੂੰ ਇੱਥੇ ਸ਼ਰੀਫ ਪਰਿਵਾਰ ਦੀ ਰਿਹਾਇਸ਼ 'ਜਟੀ ਉਮਰਾ' 'ਚ ਸ਼ੁੱਕਰਵਾਰ ਨੂੰ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਬੇਗਮ ਨਵਾਜ਼ ਦੀ ਦੇਹ ਨੂੰ ਉਨ੍ਹਾਂ ਦੇ ਸਹੁਰੇ ਮੀਆਂ ਸ਼ਰੀਫ ਅਤੇ ਜੇਠ ਅੱਬਾਸ ਸ਼ਰੀਫ ਦੀ ਕਬਰ ਕੋਲ ਦਫਨਾਇਆ ਗਿਆ। ਬੇਗਮ ਕੁਲਸੁਮ ਗਲੇ ਦੇ ਕੈਂਸਰ (ਲਿੰਫੋਮਾ) ਤੋਂ ਪੀੜਤ ਸੀ। ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੇ ਮੰਗਲਵਾਰ ਨੂੰ ਲੰਡਨ ਦੇ ਹਸਪਤਾਲ 'ਚ ਆਖਰੀ ਸਾਹ ਲਏ ਸਨ। 

PunjabKesari

ਸ਼ੁੱਕਰਵਾਰ ਨੂੰ ਜਦ ਉਨ੍ਹਾਂ ਨੂੰ ਸਪੁਰਦ-ਏ-ਖਾਕ ਕੀਤਾ ਗਿਆ ਤਾਂ ਇਸ ਸਮੇਂ ਉਨ੍ਹਾਂ ਦੇ ਦੋਵੇਂ ਪੁੱਤਰ ਹਸਨ ਅਤੇ ਹੁਸੈਨ ਨਵਾਜ਼ ਇਨ੍ਹਾਂ ਰਸਮਾਂ 'ਚ ਸ਼ਾਮਲ ਨਹੀਂ ਹੋਏ। ਉਨ੍ਹਾਂ ਦੋਹਾਂ ਨੂੰ ਇਕ ਜਵਾਬਦੇਹੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਭਗੌੜਾ ਘੋਸ਼ਿਤ ਕੀਤਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਨਵਾਜ਼ ਸ਼ਰੀਫ, ਉਨ੍ਹਾਂ ਦੀ ਧੀ ਮਰੀਅਮ ਅਤੇ ਜਵਾਈ ਜੋ ਜੇਲ 'ਚ ਬੰਦ ਹਨ, ਨੂੰ ਪੈਰੋਲ ਮਿਲ ਗਈ ਸੀ। ਪਹਿਲਾਂ ਉਨ੍ਹਾਂ ਨੂੰ 12 ਘੰਟਿਆਂ ਦੀ ਪੈਰੋਲ ਦਿੱਤੀ ਗਈ ਸੀ, ਜਿਸ ਦਾ ਸਮਾਂ ਵਧਾ ਕੇ 3 ਦਿਨ ਕਰ ਦਿੱਤਾ ਗਿਆ ਸੀ। ਨਵਾਜ਼ ਸ਼ਰੀਫ ਦੇ ਆਲੇ-ਦੁਆਲੇ ਸਖਤ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ। ਕੁਲਸੁਮ ਦੇ ਜਨਾਜ਼ੇ 'ਚ ਨਮਾਜ਼ ਦੌਰਾਨ ਰਾਜਨੀਤਕ ਨੇਤਾਵਾਂ, ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾਵਾਂ ਅਤੇ ਕਾਰਜਕਰਤਾਵਾਂ ਸਮੇਤ ਹਜ਼ਾਰਾਂ ਲੋਕ ਸ਼ਾਮਲ ਹੋਏ। ਪੰਜਾਬ ਦੇ ਗਵਰਨਰ ਚੌਧਰੀ ਸਰਵਰ ਅਤੇ ਰਾਸ਼ਟਰੀ ਅਸੈਂਬਲੀ ਦੇ ਪ੍ਰਧਾਨ ਅਸਦ ਕੈਸਰ ਸਮੇਤ ਹੋਰ ਕਈ ਨੇਤਾ ਜਨਾਜ਼ੇ ਦੀ ਨਮਾਜ਼ 'ਚ ਸ਼ਾਮਲ ਹੋਏ।
ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਖੁਰਸ਼ੀਦ ਸ਼ਾਹ ਅਤੇ ਕਮਰ ਜਮਾਂ ਕੈਰਾ ਵੀ ਜਨਾਜ਼ੇ ਦੀ ਨਮਾਜ਼ 'ਚ ਮੌਜੂਦ ਸਨ। ਇਸ ਦੌਰਾਨ ਪਾਰਟੀ ਦੇ ਨੇਤਾਵਾਂ ਨੇ ਕੁਲਸੁਮ ਲਈ 'ਲੋਕਤੰਤਰ ਦੀ ਮਾਂ' ਵਰਗੇ ਨਾਅਰੇ ਵੀ ਲਗਾਏ ਕਿਉਂਕਿ ਉਹ ਪਰਵੇਜ਼ ਦੇ ਸ਼ਾਸਨ ਕਾਲ ਦੌਰਾਨ ਆਪਣੇ ਪਤੀ ਲਈ ਹਮੇਸ਼ਾ ਖੜ੍ਹੀ ਰਹੀ।


Related News