ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਗਰੁੱਪ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿੱਤਾ ਰੋਸ ਧਰਨਾ

06/19/2018 3:45:44 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ , (ਸੁਖਪਾਲ ਢਿੱਲੋਂ, ਪਵਨ ਤਨੇਜਾ)—ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਗਰੁੱਪ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਪ੍ਰਦਰਸ਼ਨ ਦੌਰਾਨ ਇਹ ਮੰਗ ਕੀਤੀ ਗਈ ਕਿ ਜਿਨ੍ਹਾਂ ਕਿਸਾਨਾਂ ਨੇ 20 ਜੂਨ ਤੋਂ ਪਹਿਲਾਂ ਝੋਨਾ ਲਗਾਇਆ ਸੀ ਤੇ ਪ੍ਰਸ਼ਾਸ਼ਨ ਨੇ ਉਨ੍ਹਾਂ ਦੇ ਖਿਲਾਫ਼ ਕੇਸ ਕਰ ਦਿੱਤੇ ਸਨ, ਨੂੰ ਵਾਪਸ ਲਿਆ ਜਾਵੇ। ਜ਼ਿਕਰਯੋਗ ਹੈ ਕਿ 11 ਜੂਨ ਤੋਂ ਲੈ ਕੇ 18 ਜੂਨ ਤੱਕ ਲਗਾਤਾਰ ਅੱਠ ਦਿਨ ਕਿਸਾਨਾਂ ਨੇ ਪਾਵਰਕਾਮ ਦੇ ਐਕਸੀਅਨ ਦਫ਼ਤਰਾਂ ਦੇ ਅੱਗੇ ਰੋਸ ਧਰਨੇ ਲਗਾਏ ਸਨ ਤੇ ਇਹ ਮੰਗ ਕੀਤੀ ਗਈ ਸੀ ਕਿ ਕਿਸਾਨਾਂ ਨੂੰ ਝੋਨਾ ਲਗਾਉÎਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤੋਂ ਇਲਾਵਾ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਟਿਊਬਵੈਲ ਦੀਆਂ ਮੋਟਰਾਂ ਵਾਲੀ ਬਿਜਲੀ 16 ਘੰਟੇ ਮੁਹੱਈਆ ਕਰਵਾਈ ਜਾਵੇ ਅਤੇ ਨਹਿਰਾਂ ਵਿਚ ਪੂਰਾ ਪਾਣੀ ਛੱਡਿਆ ਜਾਵੇ। ਪਰ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਇਹ ਧਰਨੇ ਵਾਲੀ ਥਾਂ ਬਦਲ ਕੇ ਇਹ ਧਰਨਾ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਕਰ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਨੇ ਸਰਕਾਰ ਦੇ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲਾ ਪ੍ਰਧਾਨ ਪੂਰਨ ਸਿੰਘ ਦੋਦਾ , ਗੁਰਾਂਦਿੱਤਾ ਸਿੰਘ ਭਾਗਸਰ ਅਤੇ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਚੋਣ ਮੈਨੀਫੈਸਟੋ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਵਾਅਦੇ ਕਿਸਾਨਾਂ ਨਾਲ ਕੀਤੇ ਸਨ। ਪਰ ਉਹ ਵਾਅਦੇ ਤਾਂ ਪੂਰੇ ਕੀ ਕਰਨੇ ਸਨ , ਉਲਟਾ ਕਿਸਾਨਾਂ ਨੂੰ ਹੋਰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸਾਨ ਸਰਕਾਰੀ ਹਦਾਇਤਾ ਮੁਤਾਬਕ 10 ਜੂਨ ਤੋਂ ਝੋਨਾ ਲਗਾÀੁਂਦੇ ਰਹੇ ਹਨ। ਪਰ ਇਸ ਵਾਰ ਸਰਕਾਰ ਨੇ ਜਾਣ ਬੁੱਝ ਕੇ ਨਹਿਰਾਂ ਵਿਚ ਪਾਣੀ ਬੰਦ ਕਰ ਦਿੱਤਾ ਅਤੇ ਬਿਜਲੀ ਦੀ ਸਪਲਾਈ ਵੀ ਕੱਟ ਦਿੱਤੀ। ਇਸ ਮੌਕੇ ਹਰਬੰਸ ਸਿੰਘ  ਕੋਟਲੀ,  ਸੁਖਰਾਜ ਸਿੰਘ ਰਹੂੜਿਆਂਵਾਲੀ, ਭੁਪਿੰਦਰ ਸਿੰਘ ਚੰਨੂੰ, ਜਗਦੇਵ ਸਿੰਘ ਭਾਗਸਰ , ਮਲਕੀਤ ਸਿੰਘ ਗੱਗੜ,  ਜਗਿੰਦਰ ਸਿੰਘ ਬੁੱਟਰ ਸ਼ਰੀਹ, ਜਲੰਧਰ ਸਿੰਘ ਭਾਗਸਰ, ਰਾਜਾ ਸਿੰਘ ਮਹਾਂਬੱਧਰ ,  ਗੁਰਪਾਸ਼ ਸਿੰਘ ਸਿੰਘੇਵਾਲਾ ਤੋਂ ਇਲਾਵਾ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜ਼ਿਲਾ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਅਤੇ ਬਾਜ ਸਿੰਘ ਭੁੱਟੀਵਾਲਾ ਆਦਿ ਆਗੂ ਮੌਜੂਦ ਸਨ। 
ਹੋਰ ਕੀ ਹਨ ਕਿਸਾਨਾਂ ਦੀਆਂ ਮੰਗਾਂ
-ਸੂਬੇ ਦੀ ਸਰਕਾਰ ਆਪਣੇ ਚੋਣ ਮੈਨੀਫੈਸਟੋ ਦੇ ਵਾਅਦੇ ਅਨੁਸਾਰ ਸਾਰੇ ਕਿਸਾਨਾਂ ਦੇ ਸਿਰ ਚੜਿਆ ਸਾਰੇ ਤਰ੍ਹਾਂ ਦੇ ਕਰਜਿਆਂ ਨੂੰ ਮੁਆਫ਼ ਕਰਕੇ ਖਾਤਿਆ 'ਚ ਲਕੀਰ ਫੇਰੇ। 
- ਆਰਥਿਕ ਮੰਦਹਾਲੀ ਤੇ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। 
-ਅਵਾਰਾ ਪਸ਼ੂ ਕਿਸਾਨਾਂ ਲਈ ਇਕ ਵੱਡੀ ਸਿਰਦਰਦੀ ਬਣੇ ਹੋਏ ਹਨ ਤੇ ਫ਼ਸਲਾਂ ਦਾ ਨਿੱਤ ਰੋਜ਼ ਭਾਰੀ ਨੁਕਸਾਨ ਕਰਦੇ ਹਨ। ਸਰਕਾਰ ਇਨ੍ਹਾਂ ਅਵਾਰਾ ਪਸ਼ੂਆਂ ਦਾ ਕੋਈ ਢੁੱਕਵਾ ਹੱਲ ਕਰੇ। 
-ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਰੋਜ਼ਗਾਰ ਦੇਣ ਬਾਰੇ ਕਿਹਾ ਸੀ, ਪਰ ਅਜੇ ਨਾ ਨੌਕਰੀਆਂ ਮਿਲੀਆਂ ਅਤੇ ਨਾ ਰੋਜ਼ਗਾਰ। ਇਸ ਪਾਸੇ ਧਿਆਨ ਦਿੱਤਾ ਜਾਵੇ। 
-ਨਸ਼ਿਆਂ ਦਾ ਸੂਬੇ ਵਿਚ ਦਰਿਆ ਵਘ ਰਿਹਾ ਹੈ। ਸਰਕਾਰ ਨੇ ਨਸ਼ੇ ਬੰਦ 24 ਘੰਟਿਆਂ ਵਿਚ ਕਰਨ ਲਈ ਕਿਹਾ ਸੀ। ਪਰ ਨਸ਼ੇ ਪਹਿਲਾਂ ਨਾਲੋਂ ਵੀ ਵੱਧ ਗਏ ਹਨ। 
-ਕਿਸਾਨਾਂ ਦੀਆਂ ਫ਼ਸਲਾਂ ਦੇ ਭਾਅ ਸੁਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਅਨੁਸਾਰ ਸੂਚਕ ਅੰਕ ਨਾਲ ਜੋੜ ਕੇ ਦਿੱਤੇ ਜਾਣ । 
-ਕਿਸਾਨਾਂ ਨੂੰ ਖੇਤੀ ਧੰਦੇ ਵਿਚ ਵਰਤਣ ਵਾਲੀਆਂ ਚੀਜਾਂ ਡੀਜਲ, ਕੀਟਨਾਸ਼ਕ ਦਵਾਈਆਂ, ਖਾਦਾਂ ਤੇ ਬੀਜ ਆਦਿ ਸਰਕਾਰ ਸਸਤੇ ਭਾਅ ਮੁਹੱਈਆ ਕਰਵਾਏ। 
-ਸਰਕਾਰ ਖੇਤੀ ਸਬੰਧੀ ਠੋਸ ਨੀਤੀ ਬਣਾਵੇ ਤਾਂ ਕਿ ਕੋਈ ਕਿਸਾਨ ਖੁਦਕਸ਼ੀ ਦੇ ਰਾਹ ਨਾ ਪਵੇ।


Related News