8 ਸਾਲਾ ਬੱਚੇ ਦੀ ਸਮਝਦਾਰੀ ਨੇ ਬਚਾਈ ਪਿਤਾ ਦੀ ਜਾਨ, ਸਕੂਲ ਦੀ ਸਿੱਖਿਆ ਆਈ ਕੰਮ

06/19/2018 3:32:15 PM

ਕੈਲਗਰੀ— ਕੈਨੇਡੀਅਨ ਸ਼ਹਿਰ ਕੈਲਗਰੀ 'ਚ ਰਹਿਣ ਵਾਲੇ ਇਕ ਪਿਤਾ ਮਾਇਕ ਨੇ ਦੱਸਿਆ ਕਿ ਉਸ ਦੀ ਜਾਨ ਉਸ ਦੇ ਬੱਚੇ ਦੀ ਸਮਝਦਾਰੀ ਕਰਨ ਬਚ ਸਕੀ ਹੈ। ਉਸ ਨੂੰ ਅਧਰੰਗ ਹੋ ਗਿਆ ਸੀ ਅਤੇ ਉਸ ਦੇ ਸਰੀਰ ਦਾ 80 ਫੀਸਦੀ ਹਿੱਸਾ ਕੰਮ ਕਰਨਾ ਬੰਦ ਕਰ ਗਿਆ ਸੀ। 'ਫਾਦਰਜ਼ ਡੇਅ' ਤੋਂ ਕੁੱਝ ਦਿਨ ਪਹਿਲਾਂ ਹੀ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ। 8 ਸਾਲਾ ਬੱਚੇ ਮੈਕਸ ਪੋਜ਼ੋ ਦੇ ਪਿਤਾ ਮਾਇਕ ਨੇ ਦੱਸਿਆ ਕਿ ਫਰਵਰੀ ਮਹੀਨੇ ਉਹ ਆਪਣੇ ਘਰ 'ਚ ਖਾਣਾ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਇਸੇ ਦੌਰਾਨ ਉਸ ਨੂੰ ਅਧਰੰਗ ਦਾ ਦੌਰਾ ਪੈ ਗਿਆ। 

PunjabKesari
ਮੈਕਸ ਵੀਡੀਓ ਗੇਮ ਖੇਡ ਰਿਹਾ ਸੀ ਅਤੇ ਅਚਾਨਕ ਉਸ ਨੂੰ ਲੱਗਾ ਕਿ ਉਸ ਦੇ ਪਿਤਾ ਠੀਕ ਨਹੀਂ। ਉਹ ਆਪਣੇ ਪਿਤਾ ਕੋਲ ਗਿਆ ਤੇ ਦੇਖਿਆ ਕਿ ਉਸ ਦਾ ਚਿਹਰਾ ਟੇਢਾ ਹੋ ਰਿਹਾ ਸੀ ਤੇ ਉਸ ਦੀ ਆਵਾਜ਼ ਵੀ ਸਾਫ ਨਹੀਂ ਨਿਕਲ ਰਹੀ ਸੀ। ਮਾਇਕ ਖਾਲੀ ਗਿਲਾਸ ਫੜਨ 'ਚ ਵੀ ਅਸਮਰੱਥ ਹੋ ਗਿਆ ਸੀ। ਬੱਚੇ ਨੇ ਇਸ ਸਭ ਨੂੰ ਦੇਖ ਕੇ ਅੰਦਾਜ਼ਾ ਲਗਾ ਲਿਆ ਕਿ ਉਸ ਦੇ ਪਿਤਾ ਨੂੰ ਦੌਰਾ ਪਿਆ ਹੈ। ਉਸ ਨੇ ਬਿਨਾਂ ਦੇਰੀ ਕੀਤੇ 911 'ਤੇ ਫੋਨ ਕੀਤਾ ਅਤੇ ਐਂਬੂਲੈਂਸ ਉਸ ਦੇ ਪਿਤਾ ਨੂੰ ਹਸਪਤਾਲ ਲੈ ਕੇ ਗਈ। ਡਾਕਟਰਾਂ ਨੇ ਦੱਸਿਆ ਕਿ ਜੇਕਰ ਮੈਕਸ ਸਮੇਂ 'ਤੇ ਆਪਣੇ ਪਿਤਾ ਦੀ ਬੀਮਾਰੀ ਦੇ ਲੱਛਣ ਨਾ ਪਛਾਣਦਾ ਤਾਂ ਸ਼ਾਇਦ ਉਸ ਦੀ ਜਾਨ ਖਤਰੇ 'ਚ ਪੈ ਜਾਂਦੀ। ਮੈਕਸ ਦੇ ਸਕੂਲ ਨੇ 5 ਕੁ ਦਿਨ ਪਹਿਲਾਂ ਹੀ ਸਿਖਾਇਆ ਸੀ ਕਿ ਜੇਕਰ ਕਿਸੇ ਨੂੰ ਅਧਰੰਗ ਦਾ ਦੌਰਾ ਪਵੇ ਤਾਂ ਤੁਹਾਨੂੰ ਇਸ ਦੇ ਲੱਛਣਾਂ ਨੂੰ ਸਮਝ ਕੇ ਡਾਕਟਰ ਨੂੰ ਖਬਰ ਕਰਨੀ ਚਾਹੀਦੀ ਹੈ ਅਤੇ ਉਸ ਨੇ ਅਜਿਹਾ ਹੀ ਕੀਤਾ।
ਫਾਦਰਜ਼ ਡੇਅ ਤੋਂ ਕੁੱਝ ਦਿਨ ਪਹਿਲਾਂ ਹੀ ਮੈਕਸ ਦੇ ਪਿਤਾ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ। ਮਾਇਕ ਨੇ ਕਿਹਾ ਕਿ ਉਹ ਆਪਣੇ ਬੱਚੇ ਦਾ ਦੇਣਦਾਰ ਹੈ ਕਿਉਂਕਿ ਉਸ ਦੇ ਬੱਚੇ ਨੇ ਉਸ ਦੀ ਜਾਨ ਬਚਾ ਲਈ। ਉਸ ਨੇ ਦੱਸਿਆ ਕਿ ਉਸ ਦੀ ਖੱਬੀ ਬਾਂਹ ਅਤੇ ਲੱਤ ਨੇ ਕੰਮ ਕਰਨਾ ਛੱਡ ਦਿੱਤਾ ਸੀ ਪਰ ਹੁਣ ਉਹ ਬਿਲਕੁਲ ਠੀਕ ਹੈ।


Related News