ਸ਼ਹੀਦ ਭਗਤ ਸਿੰਘ ਕਲੱਬ ਨੇ ਮਨਾਇਆ ਕੌਮ ਦੇ ਮਹਾਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ

03/23/2018 2:58:33 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸ਼ਹੀਦ ਭਗਤ ਸਿੰਘ ਕਲੱਬ (ਰਜਿ.) ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਜਲਾਲਾਬਾਦ ਰੋਡ ਸਥਿਤ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਦਾ 87ਵਾਂ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਅਤੇ ਸ਼ਹਿਰੀ ਪਤਵੰਤਿਆਂ ਨੇ ਸ਼ਹੀਦਾਂ ਦੇ ਬੁੱਤਾ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸੇ ਦੌਰਾਨ ਅਸਮਾਨ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠਿਆ। 
ਇਸ ਸ਼ਰਧਾਂਜਲੀ ਸਮਾਗਮ 'ਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਰਾਜਸੀ ਆਗੂ ਸ਼ਾਮਲ ਸਨ। ਇਸੇ ਦੌਰਾਨ ਕਲੱਬ ਦੇ ਪ੍ਰਧਾਨ ਸੰਜੇ ਵਾਲੀਆਂ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ 'ਵਤਨ ਪੇ ਮਿਟਨੇ ਵਾਲੋਂ ਕਾਂ ਬਾਕੀ ਯਹੀ ਨਿਸ਼ਾ ਹੋਗਾ' ਨਾਲ ਸ਼ੁਰੂ ਕਰਦਿਆਂ ਨੌਜਵਾਨਾਂ ਨੂੰ ਸ਼ਹੀਦਾਂ ਦੀ ਸੋਚ ਅਪਨਾਉਣ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਉਸਾਰਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਅੱਜ ਸਮਾਜ 'ਚੋਂ ਸ਼ਹੀਦਾ ਦਾ ਇਤਿਹਾਸ ਅਤੇ ਉਨ੍ਹਾਂ ਦੀ ਸੋਚ ਬਦਲਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਅੱਜ ਦੇ ਨੌਜਵਾਨਾਂ ਵਿਚ ਦੇਸ਼ ਭਗਤੀ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਨ ਦੀ ਜ਼ਰੂਰਤ ਹੈ। 
ਇਸ ਮੌਕੇ ਪੀ. ਐੱਸ. ਈ. ਬੀ. ਇੰਪਲਾਈਜ ਫੈਡਰੇਸ਼ਨ ਦੇ ਸਰਕਲ ਪ੍ਰਧਾਨ ਬਲਜੀਤ ਸਿੰਘ ਮੋਦਲਾ ਨੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਆ। ਇਸੇ ਦੌਰਾਨ ਟੀ. ਐੱਸ. ਯੂ. ਦੇ ਪ੍ਰਧਾਨ ਬਲਜਿੰਦਰ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦਾ ਵੱਡਮੁੱਲਾ ਸਰਮਾਇਆ ਹਨ ਅਤੇ ਇਸ ਸਰਮਾਏ ਦੀ ਸੰਭਾਲ ਕਰਕੇ ਦੇਸ਼ ਦੇ ਨਵ ਨਿਰਮਾਣ ਵਿਚ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕਲਾਸ ਫੌਰ ਯੂਨੀਅਨ ਦੇ ਆਗੂ ਸਿਕੰਦਰ ਨਾਥ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਅੱਜ ਸ਼ਹੀਦਾਂ ਦੀ ਸੋਚ ਆਪਣਾ ਕੇ ਸ਼ਹੀਦ ਭਗਤ ਦੇ ਸੁਪਨਿਆਂ ਨੂੰ ਸੱਚ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਕਿਹਾ ਕਿ ਇਕ ਸੁਚੱਜੇ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਕਲੱਬ ਦੇ ਮੈਂਬਰ ਐਡਵੋਕੇਟ ਅਸ਼ੋਕ ਗਿਰਧਰ, ਪ੍ਰੋ . ਕੁਲਵੰਤ ਸਿੰਘ ਬਰਾੜ, ਰਾਜ ਕੁਮਾਰ, ਸੁਰਿੰਦਰ ਕੁਕਾਰ ਆਦਿ ਹਾਜ਼ਰ ਸਨ।


Related News