ਅਰਥ-ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਦਾ ਧਰਨਾ ਜਾਰੀ

03/23/2018 11:55:11 AM

ਪਟਿਆਲਾ (ਜੋਸਨ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ-ਸ਼ਾਸਤਰ ਵਿਭਾਗ ਤੇ ਵਿਦਿਆਰਥੀਆਂ ਦਾ ਅੱਜ ਤੀਜੇ ਦਿਨ ਵੀ ਧਰਨਾ ਜਾਰੀ ਰਿਹਾ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਵਿਚ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ ਵਾਈਸ ਚਾਂਸਲਰ ਦੇ ਦਫ਼ਤਰ ਨੂੰ ਜਿੰਦਾ ਲਾਉਣ ਦਾ ਐਲਾਨ ਕੀਤਾ ਗਿਆ ਸੀ। ਅੱਜ ਅਰਥ-ਸ਼ਾਸਤਰ ਵਿਭਾਗ ਦੇ ਵਿਦਿਆਰਥੀ 3 ਹੋਰਨਾਂ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਜਦੋਂ ਸਵੇਰੇ ਵਾਈਸ ਚਾਂਸਲਰ ਦਫ਼ਤਰ ਪਹੁੰਚੇ ਤਾਂ ਅਧਿਕਾਰੀ ਇਕਦਮ ਮੀਟਿੰਗ ਲਈ ਤਿਆਰ ਹੋ ਗਏ। ਪੂਰਾ ਦਿਨ ਗੱਲਬਾਤ ਚੱਲਣ ਦੇ ਬਾਵਜੂਦ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ। ਦੂਜੇ ਪਾਸੇ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ ਤੇ ਡੈਮੋਕ੍ਰੇਟਕਿ ਸਟੂਡੈਂਟਸ ਆਰਗੇਨਾਈਜ਼ੇਸ਼ਨ ਨੇ ਵੀ ਇਸ ਸੰਘਰਸ਼ ਦੀ ਹਮਾਇਤ ਕੀਤੀ। ਸੰਘਰਸ਼ ਜਾਰੀ ਰਹਿਣ ਤੱਕ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਇਸ ਗੱਲ ਉੱਪਰ ਸਹਿਮਤੀ ਬਣ ਗਈ ਕਿ ਕੋਰਸ ਇੰਟੈਗ੍ਰੇਟਡ ਰਹੇਗਾ ਜਿਸ ਤਹਿਤ ਬੀਏ ਆਨਰਜ਼ ਇਕਨਾਮਿਕਸ ਤੇ ਐੈੱਮ. ਏ. ਇਕਨਾਮਿਕਸ ਦੀਆਂ ਡਿਗਰੀਆਂ ਦਿੱਤੀਆਂ ਜਾਣਗੀਆਂ। ਫੀਸਾਂ ਦੇ ਮਾਮਲੇ ਵਿਚ ਯੂਨੀਵਰਸਿਟੀ ਪ੍ਰਸ਼ਾਸਨ ਪਹਿਲੇ 3 ਸਾਲਾਂ (ਬੀ. ਏ.) ਲਈ ਫੀਸ 24000 ਹੀ ਰੱਖਣ ਤੇ ਅਗਲੇ ਦੋ ਸਾਲਾਂ (ਐੈੱਮ. ਏ.) ਲਈ ਫੀਸ ਬਾਕੀ ਐੈੱਮ. ਏ. ਦੇ ਬਰਾਬਰ ਲਗਭਗ 14000 ਰੱਖਣ ਦੀ ਤਜਵੀਜ਼ ਪੇਸ਼ ਕੀਤੀ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਬੀ. ਏ. ਲਈ ਵੀ ਫੀਸ ਘਟਾਈ ਜਾਵੇ। ਉਨ੍ਹਾਂ ਨੇ ਯੂਨੀਵਰਸਿਟੀ ਅੱਗੇ ਇਹ ਤਜਵੀਜ਼ ਵੀ ਰੱਖੀ ਕਿ ਇਸ ਫੀਸ ਨੂੰ ਜਾਂ ਇਸੇ ਵਿਭਾਗ ਵਿਚ ਹੀ 4 ਸਾਲ ਪਹਿਲਾਂ ਇਕਨਾਮਿਕਸ ਦੇ ਚੱਲ ਰਹੇ ਬੈਚੁਲਰ ਕੋਰਸ ਦੇ ਬਾਰਾਬਰ (9000) ਕਰ ਲਿਆ ਜਾਵੇ ਜਾਂ ਯੂਨੀਵਰਸਿਟੀ ਵਿਚ ਇਸ ਦੇ ਸਮਰੂਪ ਕੋਰਸ ਬੀ. ਏ. ਆਨਰਜ਼ ਪੰਜਾਬੀ ਬਰਾਬਰ 12000 ਕਰ ਲਿਆ ਜਾਵੇ ਜਾਂ ਪੰਜਾਬ ਯੂਨੀਵਰਸਿਟੀ ਵਿਚ ਚੱਲ ਰਹੀ ਬੀ. ਏ. ਆਨਰਜ਼ ਇਕਨਾਮਿਕਸ ਬਰਾਬਰ (14000) ਕਰ ਲਿਆ ਜਾਵੇ। ਯੂਨੀਵਰਸਿਟੀ ਪ੍ਰਸ਼ਾਸਨ 24000 ਉੱਪਰ ਹੀ ਅੜਿਆ ਰਿਹਾ ਜਿਸ ਕਰ ਕੇ ਗੱਲਬਾਤ ਬਿਨਾਂ ਸਮਝੌਤੇ ਤੋਂ ਹੀ ਮੁੱਕ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਆਪਣੇ-ਆਪ ਵਿਚ ਹਾਸੋਹੀਣਾ ਹੈ ਕਿ ਬੀ. ਏ. ਦੀ ਡਿਗਰੀ ਲਈ ਫੀਸ ਐੈੱਮ. ਏ. ਤੋਂ ਵੱਧ ਹੋਵੇਗੀ। ਸ਼ਾਇਦ ਅਜਿਹੇ ਕੋਰਸਾਂ ਲਈ ਇਹ ਪਹਿਲੀ ਉਦਾਹਰਨ ਹੈ। ਵਿਦਿਆਰਥੀਆਂ ਨੇ ਐਲਾਨ ਕੀਤਾ ਹੈ ਕਿ ਸੋਮਵਾਰ ਨੂੰ ਇਸ ਮਸਲੇ 'ਤੇ ਧਰਨਾ ਜਾਰੀ ਰਹੇਗਾ। ਇਸ ਮੌਕੇ ਗੁਰਵਿੰਦਰ, ਨਵਜੋਤ, ਹਰਪ੍ਰੀਤ, ਮਨਦੀਪ, ਸੰਦੀਪ, ਨੇਹਾ, ਪ੍ਰਨੀਤ, ਅਮਰ ਤੇ ਹੋਰ ਵਿਦਿਆਰਥੀ ਹਾਜ਼ਰ ਸਨ।


Related News