ਫਿਲਪੀਨਜ਼ ''ਚ ਨਸ਼ਾ ਤਸਕਰਾਂ ਵਿਰੁੱਧ ਪੁਲਸ ਦੀ ਵੱਡੀ ਕਾਰਵਾਈ, 13 ਤਸਕਰ ਢੇਰ

03/22/2018 5:15:54 PM

ਮਨੀਲਾ (ਵਾਰਤਾ)— ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਦੇ ਉੱਤਰ 'ਚ ਸਥਿਤ ਬੁਲਾਕਾਨ ਸੂਬੇ ਵਿਚ ਨਸ਼ੀਲੇ ਪਦਾਰਥ ਵਿਰੋਧੀ ਮੁਹਿੰਮਾਂ ਵਿਚ ਪੁਲਸ ਨੇ ਇਕ ਦਿਨ 'ਚ 13 ਤਸਕਰਾਂ ਨੂੰ ਢੇਰ ਕੀਤਾ ਅਤੇ 100 ਤੋਂ ਵਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਖੀ ਰੋਮੀਓ ਕਾਰਾਮਾਤ ਨੇ ਦੱਸਿਆ ਕਿ ਪੁਲਸ ਨੇ ਬੁਲਾਕਾਨ 'ਚ ਨਸ਼ੀਲੇ ਪਦਾਰਥ ਵਿਰੋਧੀ ਮੁਹਿੰਮਾਂ ਵਿਚ ਬੁੱਧਵਾਰ ਨੂੰ 13 ਤਸਕਰਾਂ ਨੂੰ ਮਾਰਿਆ ਅਤੇ 100 ਤੋਂ ਵਧ ਲੋਕਾਂ ਨੂੰ ਗ੍ਰਿਫਤਾਰ ਕੀਤਾ। 
ਰਾਸ਼ਟਰਪਤੀ ਰੋਡਰੀਗੋ ਦੁਤਰਤੇ ਦੀ ਨਸ਼ੀਲੇ ਪਦਾਰਥ ਵਿਰੁੱਧ 20 ਮਹੀਨੇ ਲੰਬੀ ਮੁਹਿੰਮ ਦੌਰਾਨ ਪੁਲਸ ਨੇ 4,000 ਤੋਂ ਵਧ ਲੋਕਾਂ ਨੂੰ ਮਾਰਿਆ ਅਤੇ ਹਜ਼ਾਰਾਂ ਹੋਰ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਵਲੋਂ ਮਾਰੇ ਗਏ। ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਮੈਟਰੋ ਮਨੀਲਾ ਅਤੇ ਨੇੜਲੇ ਬੁਲਾਕਾਨ ਅਤੇ ਕੈਵਾਇਟ ਸੂਬੇ ਵਿਚ ਮਾਰੇ ਗਏ। ਮਨੁੱਖੀ ਅਧਿਕਾਰ ਸੰਗਠਨ ਅਤੇ ਵਿਰੋਧੀ ਦਲਾਂ ਦਾ ਦੋਸ਼ ਹੈ ਕਿ ਪੁਲਸ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਅਤੇ ਛੋਟੇ-ਮੋਟੇ ਤਸਕਰਾਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ। ਜਦਕਿ ਪੁਲਸ ਦਾ ਕਹਿਣਾ ਹੈ ਕਿ ਮਾਰੇ ਗਏ ਲੋਕ ਵੱਡੇ ਪੱਧਰ 'ਤੇ ਤਸਕਰੀ 'ਚ ਸ਼ਾਮਲ ਸਨ। ਪੁਲਸ ਮੁਖੀ ਨੇ ਦੱਸਿਆ ਕਿ ਪੁਲਸ ਨੇ 9 ਸ਼ਹਿਰਾਂ ਵਿਚ ਮੁਹਿੰਮ ਚਲਾਈ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਇਸ ਦੌਰਾਨ 100 ਤੋਂ ਵਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ 10 ਹਥਿਆਰ ਅਤੇ 250 ਪੈਕਟ ਸ਼ੱਕੀ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ।


Related News