''ਆਓ, ਰੁੱਖਾਂ ਨਾਲ ਧਰਤੀ ਮਾਂ ਦਾ ਸ਼ਿੰਗਾਰ ਕਰੀਏ...''

03/22/2018 4:44:28 PM

ਜਦੋਂ ਕਦੇ ਵੀ ਮੈਂ ਕਿਸੇ ਪਿੰਡ ਵਿਚ ਦੀ ਲੰਘਦਾ ਹਾਂ ਤਾਂ ਮੈਨੂੰ ਛੱਪੜਾਂ, ਟੋਭਿਆਂ ਅਤੇ ਖੂਹਾਂ ਦੇ ਕਿਨਾਰਿਆਂ 'ਤੇ ਖੜ੍ਹੇ ਥੱਕੇ ਹਾਰੇ ਬਾਪੂਆਂ,ਬਜ਼ੁਰਗਾਂ ਵਰਗੇ ਨਿਰਾਸ਼ੇ ਅਤੇ ਡਿੱਗੂੰ-ਡਿੱਗੂੰ ਕਰਦੇ ਬੋਹੜਾਂ-ਪਿੱਪਲਾਂ ਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਹੈ। ਕੀ ਸੱਚੀਉਂ ਸਾਨੂੰ ਮਾਵਾਂ ਵਰਗੇ ਬੋਹੜ ਪਿੱਪਲ ਹੁਣ ਸੰਤਾਪ ਜਾਂ ਫਿਰ ਬੋਝ੍ਹ ਜਾਪਣ ਲੱਗ ਪਏ ਹਨ? ਨਾਲੇ ਇਹ ਸਭ ਰੁੱਖ ਤਾਂ ਸਾਨੂੰ ਧੁਰੋਂ ਹੀ 'ਜ਼ਿੰਦਗੀ ਦਾ ਦਾਨ 'ਦਿੰਦੇ ਆਏ ਹਨ.... ਬਲਕਿ ਸਾਡੀ ਮਨੁੱਖਤਾ ਸਮੇਤ ਸਭ ਪ੍ਰਾਣੀਆਂ ਦੀ ਇਸ ਧਰਤੀ ਨਾਂ ਦੇ ਗ੍ਰਹਿ 'ਤੇ ਹੋਦ ਹੀ ਇਨ੍ਹਾਂ 'ਰੁੱਖਾਂ' ਕਰਕੇ ਹੈ। ਹੋਰ ਤਾਂ ਹੋਰ ਰੁੱਖਾਂ ਨੂੰ ਸਾਡੇ ਘਰਾਂ/ਆਂਢ੍ਹ-ਗੁਆਢ੍ਹ, ਪਿੰਡਾਂ-ਸ਼ਹਿਰਾਂ ਅਤੇ ਖੇਤਾ, ਬੰਨਿਆਂ 'ਚ ਪੁੱਟਣ/ਵੱਢਣ ਦੀ ਜਿਹੜੀ ਹੋੜ ਇਸ ਅਖੌਤੀ ਤਰੱਕੀ ਦੇ ਯੁੱਗ 'ਚ ਲੱਗੀ ਹੋਈ ਹੈ, ਉਹ ਇਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਯੁੱਗ 'ਚ ਨਾ ਲੱਗੀ ਹੋਵੇ। ਹਰ ਪਾਸੇ ਰੁੱਖਾਂ 'ਤੇ ਬੇਰਹਿਮੀ ਨਾਲ ਕੁਹਾੜਾ ਚਲਾ ਕੇ ਇਕ ਤਰ੍ਹਾਂ ਨਾਲ ਅਜਿਹਾ 'ਉਜਾੜਾ' ਪਾਇਆ ਜਾ ਰਿਹਾ ਹੈ, ਜਿੱਥੇ ਇਟਾਂ, ਪੱਥਰਾਂ, ਸੰਗਮਰਮਰ, ਕੰਕਰੀਟ ਅਤੇ ਲੋਹੇ ਦੇ 'ਜੰਗਲ ਹੀ ਜੰਗਲ' ਉਗਾਏ ਜਾ ਰਹੇ ਹਨ। ਅਜਿਹੇ ਸਭ ਕਾਸੇ ਨੂੰ ਵਿਕਾਸ ਦਾ ਸਭ ਤੋਂ 'ਉੱਨਤ ਮਾਡਲ' ਦੱਸਿਆ ਜਾ ਰਿਹਾ ਹੈ।
ਹੋਰ ਤਾਂ ਹੋਰ ਸਭ ਤੋ ਵੱਧ ਘਾਤਕ/ਸਿਤਮ ਇਹ ਕਿ ਅਜਿਹਾ ਸਭ ਕੁੱਝ੍ਹ ''ਬਲਿਹਾਰੀ ਕੁਦਰਤਿ ਵਸਿਆ ....।'' ਗੁਰਬਾਣੀ ਦੇ ਉਪਦੇਸ਼ ਦੇ ਐਨ ਉਲਟ ਪੰਜਾਬ 'ਚ ਬੜੀ ਤੇਜ਼ੀ ਨਾਲ ਵਾਪਰ ਰਿਹਾ ਹੈ।ਉਸ ਪੰਜਾਬ 'ਚ ਜਿਸ ਦੀ ਧਰਤੀ ਦੇ ਬਾਸ਼ਿੰਦੇ ਕਦੇ ਕਿਸੇ ਜਮਾਨੇ 'ਚ 'ਛਾਂ, ਅਤੇ 'ਮਾਂ' 'ਚ ਕੋਈ ਫਰਕ ਨਹੀਂ ਸਮਝਦੇ ਸੀ।
ਜਿਵੇਂ ਕਿ:
ਮਾਵਾਂ ਠੰਢੀਆਂ ਛਾਵਾਂ 
ਛਾਵਾਂ ਕੌਣ ਕਰੇ ?
.....................................................
ਮਾਂ ਬੋਹੜ ਦੀ ਛਾਂ ਤੇ ਰੱਬ ਦਾ ਨਾਂਅ 
ਇਹ ਸਾਰੇ ਇਕੋ ਜਿਹੇ ..।
ਬਲਵੀਰ ਚੋਟੀਆਂ ਦਾ ਇਹ ਗੀਤ ਵੀ ਸਾਡੀ ਰੁੱਖਾਂ ਨਾਲ ਸਦੀਵੀ ਪ੍ਰਤੀਤ/ਸਾਂਝ੍ਹ ਦੀ ਯਾਦ ਹੀ ਨਹੀਂ ਦੁਆਰਾ ਦਾ ਸਗੋਂ ਇਸ ਨੂੰ ਹੋਰ ਪਕੇਰੀ ਕਰਨ ਦੀ ਤਕੀਦ ਕਰਦਾ ਹੈ।
ਅਫਸੋਸ। ਕੀ ਸੱਚਮੁੱਚ ਹੀ ਰਿਸ਼ਆਂ-ਮੁਨੀਆਂ, ਪੀਰਾਂ-ਫਕੀਰਾਂ, ਗੁਰੂਆਂ ਦੀ ਇਸ ਪਵਿੱਤਰ ਧਰਤੀ 'ਤੇ ਮਾਵਾਂ ਵਰਗੀਆਂ 'ਛਾਵਾਂ' ਕਰਨ ਵਾਲਾ ਹੁਣ ਕੋਈ ਨਹੀਂ ਰਿਹਾ। ਕਿਧਰੇ ਇਸ ਧਰਤੀ 'ਤੇ' ਰਾਹਾਂ, ਚੌਰਸਤਿਆਂ, ਛੱਪੜਾਂ/ਟੋਭਿਆਂ ਦੇ ਕੰਢ੍ਹੇ, ਸਮਸ਼ਾਨਾਂ, ਸੱਥਾਂ, ਡੇਰਿਆਂ, ਧਰਮਸ਼ਾਲਾਵਾ ਅਤੇ ਹੋਰ ਸਾਂਝ੍ਹੀਆਂ ਥਾਵਾਂ, 'ਤੇ ਰੁੱਖਾਂ ਦੀਆਂ ਵੱਖ ਵੱਖ ਕਿਸਮਾਂ ਸਮੇਤ 'ਤ੍ਰਵੈਣੀਆਂ, (ਨਿੰਮ, ਪਿੱਪਲ ਅਤੇ ਬੋਹੜ ....) ਲਾਉਣ ਵਾਲੇ ਕਿਸੇ ਹੋਰ ਔਝ੍ਹੜ ਰਹੇ ਤਾਂ ਨਹੀਂ ਪੈ ਗਏ..? ਜੰਗਲਾਂ/ ਬੇਲਿਆਂ ਦਾ ਇੱਕ ਅਜਿਹਾ ਰਾਹ ਛੱਡ ਕੇ ਜਿੱਥੇ ਵੈਦ ਰਚੇ ਗਏ ਅਤੇ ਹੀਰਾਂ/ਰਾਂਝਿਆਂ ਦੀਆਂ ਪ੍ਰੀਤ ਕਹਾਣੀਆਂ ਰਚੀਆਂ ਗਈਆਂ, ਉਹ ਰਾਹ ਜਿਨ੍ਹਾਂ 'ਤੇ ਦੁੱਧਾਂ ਦੀਆਂ ਨਦੀਆਂ ਵਹਿ ਤੁਰੀਆਂ...।ਤਰੱਕੀ ਦੀਆਂ ਸ਼ਿਖਰਾਂ /ਬੁਲੰਦੀਆਂ'ਤੇ ਜਾਂਦੇ ਇਸ ਰਾਹ 'ਚ ਹੀ ਪੈਂਦੀਆਂ ਸੀ ਕਿਸੇ ਵੇਲੇ ਸਿੰਧੂ ਘਾਟੀ ਦੀ ਸੱਭਿਅਤਾ ...। ਇਹੀ ਤਾਂ ਇਕੋ-ਇੱਕ ਉਹ ਰਾਹ ਸੀ, ਜੋ ਨਦੀਆਂ/ਦਰਿਆਵਾਂ, (ਚਾਹੇ ਉਹ ਸਤਲਜ, ਸਿੰਧ, ਜਮਨਾ, ਕੋਈ ਵੀ ਹੋਵੇ..) ਸੰਘਣੇ ਜੰਗਲਾਂ, ਪਿੰਡਾਂ/ਨਗਰਾਂ, ਜੰਗਲੀ ਜੀਵਨ ਸਭ ਕਾਸੇ ਨੂੰ ਇੱਕ ਲੜੀ 'ਚ ਪਰੋਕੇ ਆਪਣੇ ਨਾਲ ਜੋੜਦਾ ਸੀ। ਸਭ ਨੂੰ ਆਪਸ 'ਚ ਘੁਲ-ਮਿਲ ਕੇ ਰਹਿਣ ਦਾ ਵੱਲ ਸਿਖਾਉਂਦਾ ਸੀ। ਅੱਜ ਅਸੀ ਔਝ੍ਹੜ ਦੇ ਰਾਹ ਪੈ ਕੇ ਆਪਣੇ ਕੁਦਰਤੀ ਸਾਧਨਾਂ ਨਦੀਆਂ/ ਦਰਿਆਵਾਂ ਨੂੰ ਪਲੀਤ ਕਰ ਹੀ ਨਹੀਂ ਰਹੇ ਸਗੋਂ ਕਰ ਦਿੱਤਾ ਹੈ। ਸਿਰਫ ਇਹੀ ਨਹੀਂ ਸਾਡੀ 'ਹਾਬੜ' ਨੇ ਇਸ ਧਰਤੀ ਦੀ ਸਭ ਤਂੋ ਖੂਬਸੂਰਤ / ਅਨਮੋਲ ਦਾਤ 'ਜੰਗਲਾਂ' ਨੂੰ ਇਸ ਕਦਰ ਉਜਾੜ ਦਿੱਤਾ ਕਿ ਜਿਵੇਂ ਅਜਿਹਾ ਸਭ ਕੁੱਝ ਆਲਤੂ ਫਾਲਤੂ ਸ਼ੈਆਂ ਹੋਣ। 
ਜਦੋਂ ਕਿ ਇਸ ਦੇ ਐਨ ਉਲਟ 'ਜੰਗਲ' ਸਾਡੇ ਹਮਸਾਇਆਂ ਦੀ ਤਰਾਂ ਹਰ ਦੁੱਖ-ਸੁੱਖ ਵਿਚ ਸਾਡੇ ਅੰਗ-ਸੰਗ ਰਹਿੰਦਿਆਂ ਸਾਡੇ ਸਭ ਪ੍ਰਾਣੀਆਂ ਲਈ ਮਾਰਗਦਰਸ਼ਕ ਹੀ ਨਹੀਂ ਬਣਦੇ, ਸਗੋਂ ਸਾਡੇ ਸਭ ਦੇ ਸਾਹਾਂ 'ਚ ਸਾਹ ਪਾ ਕੇ ਅੰਗ-ਸੰਗ/ ਨਾਲ ਮਾਂ-ਜਾਇਆਂ ਦੀ ਤਰ੍ਹਾਂ ਜਿਉਂਦਂੇ ਹਨ... ਏਦੂੰ ਵੀ ਕਿਤੇ ਵਧ ਸਾਡੇ ਸਭ ਜੀਵਾਂ/ਪ੍ਰਾਣੀਆਂ ਲਈ ਜ਼ਿੰਦਗੀ ਦਾ ਅਸਲ ਆਹਾਰ ਇਹ ਜੰਗਲ ਹੀ ਤਾਂ ਬਣਦੇ ਹਨ ।... ਦਰਅਸਲ ਸੱਚ ਤਾਂ ਇਹ ਹੈ ਕਿ ਜਨਮ ਤੋਂ ਲੈ ਕੇ ਅਖੀਰ ਤੱਕ ਸਾਡੀ ਉਹ ਕਿਹੜੀ ਲੋੜ ਹੈ, ਜਂੋ ਰੁੱਖ ਪੂਰੀ ਨਹੀਂ ਕਰਦੇ ... ?
ਚਾਹੀਦਾ ਤਾਂ ਇਹ ਸੀ ਕਿ ਸਾਡੇ ਆਲੇ-ਦੁਆਲੇ ਧਰਤੀ ਦੇ 33ਪ੍ਰਤੀਸ਼ਤ ਹਿੱਸੇ 'ਚ ਰੁੱਖ ਭਾਵ ਜੰਗਲ ਹੁੰਦੇ ।.. ਪਰ ਅੱਜ ਰੁੱਖਾਂ ਦੀ ਬੇ-ਕਦਰੀ ਤੇ ਹਨੇਰਗਰਦੀ ਦੇ ਇਸ ਯੁੱਗ 'ਚ ਜੰਗਲਾਂ ਦੀ ਬੇਤਹਾਸ਼ਾ ਕਟਾਈ ਸਦਕਾ ਪੰਛੀਆਂ/ਜਾਨਵਰਾਂ ਦਾ ਜਿਉਣਾ'ਦੁੱਭਰ' ਹੋ ਗਿਆ ਹੈ।ਹਰ ਵਰ੍ਹੇ ਬੜੀ ਤੇਜੀ ਨਾਲ ਇਸ ਧਰਤੀ ਦੇ ਅਨੇਕਾਂ ਬਾਸ਼ਿੰਦਿਆਂ (ਪਸ਼ੂ/ਪੰਛੀ ਅਤੇ ਹੋਰਨਾਂ ਜਾਨਵਰਾਂ ਤੇ ਕੀਟ ਪਤੰਗਿਆਂ ਸਮੇਤ) ਦੀਆਂ ਪ੍ਰਜਾਤੀਆਂ ਅਲੋਪ ਹੋ ਰਹੀਆਂ ਹਨ, ਜਂੋ ਕਿ ਮਨੁੱਖਤਾ ਲਈ ਆਉਣ ਵਾਲੇ ਭਵਿੱਖ 'ਚ ਬਹੁਤ ਵੱਡੇ ਖਤਰੇ ਦਾ ਸੰਕੇਤ ਹਨ। ਫਸਲਾਂ ਦੀ ਰਹਿੰਦ-ਖੂੰਹਦ/ਪਰਾਲੀ ਆਦਿ ਸਾੜਨ ਦਾ ਰੁਝ੍ਹਾਨ ਘਟਣ ਦੀ ਬਜਾਏ, ਹਰ ਸਾਲ ਵਧ੍ਹਦਾ ਹੀ ਜਾ ਰਿਹਾ ਹੈ। ਅਜਿਹਾ ਕਰਨ ਨਾਲ ਹਰ ਸਾਲ ਜਾਨ/ਮਾਲ ਦਾ ਨੁਕਸਾਨ ਝੱਲਣ ਤੋਂ ਇਲਾਵਾ, ਅਨੇਕਾਂ ਤਰ੍ਹਾਂ ਦੇ ਹੋਰਨਾਂ ਜੀਵਾਂ ਨੂੰ ਬਹੁਤ ਹੀ ਕਸ਼ਟਦਾਇਕ ਹਾਲਾਤ 'ਚ ਸਾੜ/ਭੁੰਨ ਦਿੱਤਾ ਜਾਂਦਾ ਹੈ। ਹੋਰ ਤਾਂ ਹੋਰ ਅੱਗਜਂਨੀ ਦੇ ਇਸ ਤਾਂਡਵ-ਨਾਚ ਨਾਲ ਧਰਤੀ ਦੀ ਉੱਪਰਲੀ/ਉਪਜਾਊੂ ਤਹਿ ਵਿਚਲੇ ਭਾਵ ਧਰਤੀ ਦੇ ਗ੍ਰਭ ਵਿਚਲੇ ਉਪਜਾਉ ਤੱਤਾਂ ਨੂੰ ਵੀ ਸਾੜ/ਫੂਕ ਦਿੱਤਾ ਜਾਂਦਾ ਹੈ, ਜਿਸ ਦੀ ਬਦੌਲਤ ਧਰਤੀ ਮਾਂ ਦੀ  'ਕੁੱਖੋ' ਦੇ ਬਾਂਝ੍ਹ ਹੋਣ ਦੇ ਸੰਕੇਤ ਸਪੱਸ਼ਟ ਰੂਪ 'ਚ ਵਿਖਾਈ ਦੇਣੇ ਸ਼ੁਰੂ ਹੋ ਗਏ ਹਨ। ਜਿਵਂੇ ਕਿ ਹੁਣ ਵਣਾਂ 'ਤੇ 'ਪੀਲ੍ਹਾਂ'ਲੱਗਣੀਆਂ ਕਿਸੇ ਬੀਤੇ ਯੁੱਗ ਦੀ ਯਾਦ ਬਣ ਕੇ ਰਹਿ ਗਈਆਂ ਹਨ।
ਸਾਡੀ ਇਸ ਧਰਤੀ ਤੇ ਰਵਾਇਤੀ ਵਿਰਾਸਤੀ ਜੰਗਲਾਂ ਦਾ ਉਜਾੜਾ ਅਜੋਕੇ ਤਰੱਕੀ ਦੇ ਯੁੱਗ 'ਤੇ ਆਪਣੇ-ਆਪ ਲੱਗਿਆ ਸੁਆਲੀਆ ਚਿੰਨ੍ਹ ਹੈ ... ਇੱਕ ਅਜਿਹਾ ਸੁਆਲੀਆ ਚਿੰਨ੍ਹ ਜਿਸ ਦਾ ਸਹੀ ਜਵਾਬ ਲੱਭਣ ਲੱਗਿਆਂ ਸਾਡੇ ਸਾਹਮਣੇ ਅਨੇਕਾਂ ਸੁਆਲ-ਦਰ-ਸੁਆਲ ਆ ਖੜ੍ਹਦੇ ਹਨ, ਜਦੋਂਕਿ ਅਜਿਹੇ ਸੁਆਲਾਂ ਦੇ ਸਹੀ ਤਰਕ ਸੰਗਤ-ਜਵਾਬ ਲੱਭਣੇ (ਅਜੋਕੇ ਸਾਇੰਸ, ਸਿੱਖਿਆ ਅਤੇ ਟੈਕਨਾਲੋਜੀ ਦੇ ਪ੍ਰਸਾਰ/ਪ੍ਰਸਾਰ ਦੇ ਯੁੱਗ 'ਚ ) ਅਜੋਕੇ ਯੁੱਗ, ਸਮੇ ਅਤੇ ਸਮਾਜ ਦੀ ਲੋੜ ਹੈ। ਸਾਡੇ ਪੰਜਾਬੀ ਲੋਕ ਗੀਤਾਂ 'ਚ ਵੀ ਅਜਿਹੇ ਵਿਰਾਸਤੀ ਰੁੱਖਾਂ ਦਾ ਜ਼ਿਕਰ ਬਾਖੂਬ ਆਉਦਾ ਹੈ :
ਕਰੀਰ ਦੇ ਵੇਲਣਾ
ਵੇ ਮੈਂ ਵੇਲ-ਵੇਲ ਥੱਕੀ
..............................................
ਨਿੰਮ ਦਾ ਘੜਾ ਦੇ ਘੋਟਣਾ 
ਸੱਸ ਕੁੱਟਣੀ ਸੰਦੂਖਾਂ ਓਹਲੇ
....................................................
ਮੈ ਕੱਤਾਂ ਪ੍ਰੀਤਾਂ ਨਾਲ 
ਚਰਖਾ ਚੰਨਣ ਦਾ
........................................................
ਸਾਡੇ ਪਿੰਡ ਦੇ ਮੁੰਡੇ ਵੇਖ ਲਓ 
ਜਿਉ ਟਾਹਲੀ ਦੇ ਪਾਵੇ 
.......................................................
ਫਲ ਨੀਵਿਆਂ ਰੁੱਖਾਂ ਨੂੰ ਲੱਗਦੇ
ਸਿੰਬਲਾਂ ਤੂੰ ਮਾਣ ਨਾ ਕਰੀ
.........................................................
ਮੁੰਡਾ ਰੋਹੀ ਦੀ ਕਿੱਕਰ ਨਾਲੋਂ ਕਾਲਾ
ਵਿਆਹ ਕੇ ਲੈ ਗਿਆ ਤੂਤ ਦੀ ਛਟੀ
.........................................................
ਦੱਸ ਕਿਹੜੇ ਮੈਂ ਬਹਾਨੇ ਆਵਾਂ
ਬੇਰੀਆਂ ਦੇ ਬੇਰ ਮੁੱਕ ਗੇ
..........................................................
ਕਿੱਕਰਾਂ ਵੀ ਟੱਪ ਆਈ 
ਬੇਰੀਆਂ ਵੀ ਟੱਖ ਆਈ 
ਰਹਿਗੇ ਜੰਡ ਕਰੀਰ 
ਮੋੜੋ ਨੀ ਕੁੜੀਓ
ਮੈ ਰਾਂਝੇ ਦੀ ਹੀਰ
...................................................
ਅਜਿਹੇ ਸਭ ਲੋਕ ਗੀਤ ਕਿਸੇ ਵੇਲੇ ਸਾਡੇ ਪੰਜਾਬੀਆਂ ਦੇ ਵਧੀਆਂ/ਸੰਤਲਿਤ ਜ਼ਿੰਦਗੀ ਜਿਉਣ ਦੀ ਸ਼ਾਹਦੀ ਭਰਦੇ ਹਨ। ਇੱਕ ਜ਼ਿੰਦਗੀ ਜਿਉਣ ਦਾ ਅਜਿਹਾ ਸੁੱਚਜਾ ਢੰਗ, ਜਿਸ ਨੂੰ ਅਜੋਕੇ 'ਮਾਡਰਨ ਯੁੱਗ 'ਚ ਅਸੀ ਂ ਭੁੱਲ-ਭੁਲਾਅ ਰਹੇ ਹਾਂ, ਜਿਸ ਦੀ ਬਦੌਲਤ ਅਨੇਕਾਂ ਦੁਸ਼ਵਾਰੀਆਂ ਆਪੋ-ਆਪਣੇ ਵਿਰਾਟ ਰੂਪ 'ਚ ਸਾਡੇ ਸਭ ਦੇ ਸਾਹਮਣੇ ਮੂੰਹ ਅੱਡੀ ਖੜ੍ਹੀਆਂ ਹਨ, ਜਿਹੜੀਆਂ ਹੁਣ ਤੱਕ ਦੀ ਮਨੁੱਖਤਾ ਸੱਭਿਅਤਾ ਸਮੇਤ ਸਮੁੱਚੇ ਮਨੁੱਖੀ ਸਮਾਜ ਨੂੰ ਪਲਾਂ ਛਿਣਾ 'ਚ ਨਿਗਲ ਸਕਦੀਆਂ ਹਨ। ...ਕਾਸ਼ । ਸਾਨੂੰ ਸਭ ਨੂੰ ਜਾਂ ਫੇਰ ਸਾਡੇ ਭਵਿੱਖ/ਮਨੁੱਖੀ ਸਮਾਜ ਦੇ ਭਵਿੱਖ ਦੇ ਕਿਸੇ ਵੀ ਵਾਰਿਸ ਨੂੰ ਅਜਿਹਾ ਮਨਹੂਸ-ਪਲ, ਘੜੀ ਜਾਂ ਫੇਰ ਦਿਨ ਨਾ ਹੀ ਵੇਖਣਾ ਪਵੇ...।ਅਜਿਹਾ ਸਿਰਫ ਤਾਂ ਹੀ ਹੋ ਸਕੇਗਾ, ਜੇਕਰ ਅਸੀਂ ਸਭ ਰਲ-ਮਿਲ ਕੇ ਰੁੱਖਾਂ ਦਾ ਉਜਾੜਾ ਬੰਦ ਹੀ ਨਹੀ ਕਰਾਂਗੇ ਸਗੋਂ, ਇਸ ਧਰਤੀ ਨੂੰ ਹੋਰ ਹਰਿਆ-ਭਰਿਆ ਬਣਾਉਣ ਲਈ ਵਧੇਰੇ ਰੁੱਖ ਉਗਾਵਾਂਗੇ। ਜਿਸ ਦੀ ਬਦੌਲਤ ਸਾਡੀ ਮਿੱਟੀ, ਧਰਤੀ, ਜੰਗਲ, ਸਾਡਾ ਆਲਾ-ਦੁਆਲਾ, ਪਾਣੀ, ਹਵਾ, ਜੰਗਲੀ ਜੀਵ ਗੱਲ ਕੀ? ਸਾਡਾ ਅਸਮਾਨ, ਚੰਦ ਤਾਰੇ, ਸੂਰਜ, ਸਭ ਗ੍ਰਹਿਆਂ-ਗਲੇਸ਼ੀਅਰਾਂ ਸਮੇਤ ਸਮੁੱਚਾ ਬ੍ਰਹਿਮੰਡ ਸੁਰੱਖਿਅਤ ਰਹਿ ਸਕੇਗਾ।
ਸਾਡੇ ਆਲੇ ਦੁਆਲੇ ਦੇ ਕੁਦਰਤੀ ਵਾਤਰਵਰਨ ਨੂੰ ਸੰਤੁਲਿਤ ਬਣਾਈ ਰੱਖਣ ਲਈ (ਸਾਡੇ ਸਭ ਪ੍ਰਾਣੀਆਂ ਦੇ ਜਿਉਣ ਯੋਗ) ਰੁੱਖ ਹੀ ਸਹਾਈ ਹੋ ਸਕਦੇ ਹਨ। ਉਦਯੋਗਿਕ ਕ੍ਰਾਂਤੀ ਸਦਕਾ ਸਾਡੇ ਵਾਯੂਮੰਡਲ 'ਚ ਗੈਸਾਂ ਤੇ ਕਾਰਬਨ ਡਾਈਆਕਸਾਈਡ ਆਦਿ ਗੈਸਾਂ ਦੀ ਮਿਕਦਾਰ ਕਾਰਨ ਪੈਣ ਵਾਲੇ ਦੁਰਪ੍ਰਭਾਵਾਂ ਨੂੰ ਰੋਕਣ ਤੇ ਘਟਾਉਣ ਲਈ ਸਿਰਫ ਇਹੀ ਰੁੱਖ ਹੀ ਸਹਾਈ ਹੁੰਦੇ ਹਨ। ਸੋ ਆਓ ਧਰਤੀ ਮਾਂ ਦਾ ਰੁੱਖਾਂ ਨਾਲ ਸ਼ਿੰਗਾਰ ਕਰੀਏ... ਨਾ ਕਿ ਕਾਗਜ਼ੀ/ਸਰਕਾਰੀ ਫਾਈਲਾਂ ਵਿਚ ਰੁੱਖਾਂ ਦੀ ਫਰਜ਼ੀ ਗਿਣਤੀ-ਮਿਣਤੀ ਦੇ ਚੱਕਰਵਿਊ ਵਿਚ ਫਸਕੇ ਆਪਣੀ ਖੁਦ ਦੀ ਹੋਦਂ ਤੋਂ ਮੁਨਕਰ ਹੋ ਆਤਮਘਾਤੀ ਬਣਾਏ...।
ਇੱਥੇ ਸਾਡੇ ਪਿੰਡ ਦੇ ਕੁੱਝ੍ਹ ਉਤਸ਼ਾਹੀ ਨੌਜਵਾਨਾਂ ਦਾ ਜਿਕਰ ਕਰ ਰਿਹਾਂ ਹਾਂ ਜਿਨ੍ਹਾਂ ਨੇ ਬਾਰਿਸ਼ਾਂ ਦੀ ਇਸ ਰੁੱਤ ਵਿਚ ਵਧ ਤੋਂ ਵਧ ਰੁੱਖ ਲਾਉਣ ਦੀ ਸਕੀਮ ਬਣਾਈ ਹੈ, ਕਿ ਕੋਈ ਵੀ 100 ਰੁਪਿਆ ਦੇ ਕੇ ਇੱਕ ਰੁੱਖ ਲਗਵਾ ਸਕਦਾ ਹੈ। ਉਹ ਇਨ੍ਹਾਂ ਰੁੱਖਾਂ ਨੂੰ ਪਾਲ ਕੇ ਵੱਡਾ ਕਰਨ ਦੀ ਜਿੰਮੇਂਵਾਰੀ ਆਪਣੇ ਸਿਰ ਲੈਣਗੇ।......ਖੈਰ ! ਕਾਸ਼ ਪੰਜਾਬ ਦੇ ਹਰ ਪਿੰਡ ਦੇ ਨੌਜਵਾਨ ਅਜਿਹਾ ਉਦਮ ਕਰ ਲੈਣ ਤਾਂ ਸਾਡਾ ਚੌਗਿਰਦਾ/ਆਲਾ-ਦੁਆਲਾ ਪਲੀਤ ਹੋਣ ਤੋਂ ਬਚਿਆ ਰਹਿ ਸਕੇਗਾ। ਜਂੋ ਕਿ ਭਵਿੱਖ ਦੀਆਂ ਆਉਣ ਵਾਲੀਆਂ ਮਨੁੱਖੀ ਨਸਲਾਂ ਲਈ ਬੇਹੱਦ ਜ਼ਰੂਰੀ ਹੈ।.......ਆਮੀਨ।
ਲਾਲ ਚੰਦ ਸਿੰਘ 
ਪਿੰਡ : ਚੁੱਘੇ- ਖੁਰਦ
ਡਾਕਖਾਨਾ : ਬਹਿਮਣ-ਦਿਵਾਨਾ
ਜਿਲ੍ਹਾ : ਬਠਿੰਡਾ।
ਮੋ. : 75894-27462


Related News