ਬੱਸਾਂ ਵਾਲਿਆਂ ਨੇ ਪੁਲਸ ਚੌਕੀ ਮਾਹਲ ਅੱਗੇ ਕੀਤਾ ਚੱਕਾ ਜਾਮ

03/22/2018 6:07:15 AM

ਅੰਮ੍ਰਿਤਸਰ,   (ਛੀਨਾ)-   ਪੁਲਸ ਚੌਕੀ ਮਾਹਲ ਦੇ ਇੰਚਾਰਜ ਤੇ ਹੌਲਦਾਰ ਵੱਲੋਂ ਬੇਕਸੂਰ ਡਰਾਈਵਰ ਤੇ ਕੰਡਕਟਰ ਦੀ ਕੁੱਟ-ਮਾਰ ਕਰਨ ਤੋਂ ਗੁੱਸੇ 'ਚ ਆਏ ਬੱਸਾਂ ਵਾਲਿਆਂ ਨੇ ਅੱਜ ਸਵੇਰੇ ਪੁਲਸ ਚੌਕੀ ਮਾਹਲ ਦੇ ਬਾਹਰ ਚੱਕਾ ਜਾਮ ਕਰ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੇ ਪ੍ਰਧਾਨ ਤੇ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੇ ਸੈਕਟਰੀ ਬਲਦੇਵ ਸਿੰਘ ਬੱਬੂ ਤੇ ਪ੍ਰਧਾਨ ਦਿਲਬਾਗ ਸਿੰਘ ਨੇ ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਕਤ ਚੌਕੀ ਇੰਚਾਰਜ ਤੇ ਹੌਲਦਾਰ ਨੇ 3 ਮਹੀਨਿਆਂ 'ਚ 17 ਵਾਰ ਬੱਸ ਚਾਲਕਾਂ ਤੇ ਕੰਡਕਟਰਾਂ ਨਾਲ ਵਧੀਕੀਆਂ ਕੀਤੀਆਂ, ਜੋ ਹੁਣ ਸਹਿਣ ਤੋਂ ਬਾਹਰ ਹੋ ਗਈਆਂ ਹਨ।
ਇਸ ਮੌਕੇ ਕੁੱਟ-ਮਾਰ ਦਾ ਸ਼ਿਕਾਰ ਹੋਏ ਡਰਾਈਵਰ ਸੰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚੋਗਾਵਾਂ ਨੇ ਕਿਹਾ ਕਿ ਮੈਂ 19 ਮਾਰਚ ਨੂੰ ਸ਼ਾਮ 7:30 ਵਜੇ ਅੰਮ੍ਰਿਤਸਰ ਤੋਂ ਚੋਗਾਵਾਂ ਨੂੰ ਮਿੰਨੀ ਬੱਸ ਲੈ ਕੇ ਜਾ ਰਿਹਾ ਸੀ ਤੇ ਜਦੋਂ ਪੁਲਸ ਚੌਕੀ ਮਾਹਲ ਕੋਲ ਪੁੱਜਾ ਤਾਂ ਉਥੇ ਬੈਰੀਕੇਡ ਲਾ ਕੇ ਨਾਕਾ ਲਾਇਆ ਹੋਇਆ ਸੀ ਤੇ ਨਾਕਾ ਪਾਰ ਕਰਦਿਆਂ ਹੀ ਮੌਕੇ 'ਤੇ ਮੌਜੂਦ ਚੌਕੀ ਇੰਚਾਰਜ ਤੇ ਹੌਲਦਾਰ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਬੱਸ ਰੋਕ ਕੇ ਜਦੋਂ ਮੈਂ ਹੇਠਾਂ ਉਤਰਨ ਲੱਗਾ ਤਾਂ ਉਨ੍ਹਾਂ ਨੇ ਬੱਸ ਦੀ ਚਾਬੀ ਕੱਢ ਲਈ। ਜਦੋਂ ਮੈਂ ਆਪਣਾ ਕਸੂਰ ਪੁੱਛਣਾ ਚਾਹਿਆ ਤਾਂ ਚੌਕੀ ਇੰਚਾਰਜ ਤੇ ਹੌਲਦਾਰ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਕੁੱਟਦੇ ਹੋਏ ਚੌਕੀ 'ਚ ਲੈ ਗਏ ਤੇ ਕਿਹਾ ਕਿ ਤੂੰ ਤੇਜ਼ ਰਫਤਾਰ ਨਾਲ ਬੱਸ ਚਲਾ ਕੇ ਸਾਡੇ 'ਤੇ ਮਿੱਟੀ ਪਾਈ ਹੈ। ਡਰਾਈਵਰ ਸੰਦੀਪ ਸਿੰਘ ਨੇ ਕਿਹਾ ਕਿ ਨਾਕੇ 'ਤੇ ਲੱਗੇ ਬੈਰੀਕੇਡਾਂ ਕੋਲੋਂ ਬੱਸ ਕਿੰਨੀ ਕੁ ਰਫਤਾਰ ਨਾਲ ਲੰਘ ਸਕਦੀ ਹੈ, ਇਸ ਦਾ ਤਾਂ ਹਰ ਕੋਈ ਅੰਦਾਜ਼ਾ ਲਾ ਸਕਦਾ ਹੈ ਪਰ ਇਸ ਗੱਲ ਦਾ ਬਹਾਨਾ ਬਣਾ ਕੇ ਭਾਰੀ ਕੁੱਟ-ਮਾਰ ਕਰਨ ਤੋਂ ਬਾਅਦ ਖਾਲੀ ਕਾਗਜ਼ਾਂ 'ਤੇ ਮੇਰੇ ਕੋਲੋਂ ਜਬਰੀ ਦਸਤਖਤ ਵੀ ਕਰਵਾਏ ਗਏ।
ਇਸ ਮੌਕੇ ਕੰਡਕਟਰ ਮੁਨੀਸ਼ ਮਹਾਜਨ ਨੇ ਕਿਹਾ ਕਿ ਉਕਤ ਚੌਕੀ ਇੰਚਾਰਜ ਤੇ ਹੌਲਦਾਰ ਨੇ ਮੇਰੇ ਕੋਲੋਂ ਬੱਸ ਦੇ ਕਾਗਜ਼ਾਤ ਮੰਗੇ ਪਰ ਮੈਂ ਸਿਰਫ ਇੰਨਾ ਹੀ ਕਿਹਾ ਕਿ ਮਾਲਕ ਆ ਰਹੇ ਹਨ ਤੇ ਹੁਣੇ ਸਭ ਚੈੱਕ ਕਰਵਾ ਦੇਣਗੇ, ਇਹ ਸੁਣਦਿਆਂ ਹੀ ਉਨ੍ਹਾਂ ਨੇ ਮੇਰੀ ਵੀ ਕੁੱਟ-ਮਾਰ ਕੀਤੀ। ਅੱਜ ਬੱਸਾਂ ਵਾਲਿਆਂ ਦੇ ਰੋਹ ਨੂੰ ਦੇਖਦਿਆਂ ਏ. ਸੀ. ਪੀ. ਵਿਸ਼ਾਲਜੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਧਰਨਾ ਖਤਮ ਕਰ ਕੇ ਆਵਾਜਾਈ ਬਹਾਲ ਕਰਵਾਉਣ ਦਾ ਯਤਨ ਕੀਤਾ ਪਰ ਬੱਸਾਂ ਵਾਲੇ ਇਕ ਹੀ ਗੱਲ 'ਤੇ ਅੜੇ ਹੋਏ ਸਨ ਕਿ ਬੇਕਸੂਰ ਬੱਸ ਚਾਲਕਾਂ ਦੀ ਕੁੱਟ-ਮਾਰ ਕਰਨ ਵਾਲੇ ਚੌਕੀ ਇੰਚਾਰਜ ਤੇ ਹੌਲਦਾਰ ਨੂੰ ਪਹਿਲਾਂ ਸਸਪੈਂਡ ਕਰੋ, ਫਿਰ ਰਸਤਾ ਖੋਲ੍ਹਿਆ ਜਾਵੇਗਾ।
ਇਸ ਮੌਕੇ ਸਕੱਤਰ ਅਮਰਜੀਤ ਸਿੰਘ ਆਂਸਲ ਦੀ ਦਖਲਅੰਦਾਜ਼ੀ ਨਾਲ ਬੱਸਾਂ ਵਾਲਿਆਂ ਨੇ ਕੁਝ ਸਮੇਂ ਲਈ ਧਰਨਾ ਚੁੱਕ ਕੇ ਆਵਾਜਾਈ ਬਹਾਲ ਕੀਤੀ ਪਰ ਪੁਲਸ ਵੱਲੋਂ ਕੋਈ ਪੁਖਤਾ ਕਾਰਵਾਈ ਅਮਲ 'ਚ ਨਾ ਲਿਆਂਦੇ ਜਾਣ ਤੋਂ ਖਫਾ ਹੋ ਕੇ ਉਨ੍ਹਾਂ ਨੇ ਫਿਰ ਪੁਲਸ ਚੌਕੀ ਦੇ ਬਾਹਰ ਧਰਨਾ ਲਾ ਕੇ ਚੱਕਾ ਜਾਮ ਕਰ ਦਿੱਤਾ, ਅਖੀਰ ਚੌਕੀ ਇੰਚਾਰਜ ਤੇ ਹੌਲਦਾਰ ਵੱਲੋਂ ਆਪਣੀ ਗਲਤੀ ਦਾ ਅਹਿਸਾਸ ਕਰਨ 'ਤੇ ਹੀ ਬੱਸਾਂ ਵਾਲਿਆਂ ਨੇ ਧਰਨਾ ਸਮਾਪਤ ਕੀਤਾ।


Related News