ਲੋਕ ਸਭਾ ਚੋਣਾਂ ’ਚ ''ਦਾਗੀ'' ਉਮੀਦਵਾਰਾਂ ਦੀ ਭਰਮਾਰ
Friday, May 24, 2024 - 03:05 AM (IST)
ਹਾਲਾਂਕਿ ਦੇਸ਼ ’ਚ ਸ਼ਾਸਨ ਦੀ ਵਾਗਡੋਰ ਸੰਭਾਲਣ ਵਾਲੇ ਜਨ-ਪ੍ਰਤੀਨਿਧੀਆਂ ਤੋਂ ਬੇਦਾਗ ਅਕਸ ਵਾਲੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਭਰਨ ਸਮੇਂ ਦਿੱਤੇ ਜਾਣ ਵਾਲੇ ਹਲਫੀਆ ਬਿਆਨਾਂ ਤੋਂ ਸਿੱਧ ਹੁੰਦਾ ਹੈ ਕਿ ਸਾਰੇ ਉਮੀਦਵਾਰ ਬੇਦਾਗ ਅਕਸ ਵਾਲੇ ਨਹੀਂ ਹੁੰਦੇ।
ਚੋਣ ਵਿਸ਼ਲੇਸ਼ਣ ਸੰਸਥਾ ‘ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼’ ਨੇ 2024 ਦੀਆਂ ਲੋਕ ਸਭਾ ਚੋਣਾਂ ਲੜ ਰਹੇ 8337 ਉਮੀਦਵਾਰਾਂ ਵਲੋਂ ਦਾਇਰ ਕੀਤੇ ਗਏ ਹਲਫੀਆ ਬਿਆਨਾਂ ਦੀ ਪੜਤਾਲ ਪਿੱਛੋਂ ਦੱਸਿਆ ਹੈ ਕਿ ਇਨ੍ਹਾਂ ’ਚੋਂ 1644 ‘ਦਾਗੀ’ ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ’ਚੋਂ 1188 ’ਤੇ ਹੱਤਿਆ, ਹੱਤਿਆ ਦੇ ਯਤਨ, ਔਰਤਾਂ ਵਿਰੁੱਧ ਅਪਰਾਧ ਅਤੇ ਨਫਰਤ ਫੈਲਾਉਣ ਵਾਲੇ ਭਾਸ਼ਣ ਵਰਗੇ ਗੰਭੀਰ ਦੋਸ਼ ਹਨ।
ਪਹਿਲੇ ਪੜਾਅ ’ਚ 1618 ਉਮੀਦਵਾਰਾਂ ’ਚੋਂ 252 ਉਮੀਦਵਾਰਾਂ ’ਤੇ ਅਪਰਾਧਿਕ ਅਤੇ 161 ’ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਪਾਏ ਗਏ। ਦੂਜੇ ਪੜਾਅ ਦੇ 1192 ਉਮੀਦਵਾਰਾਂ ’ਚੋਂ 250 ’ਤੇ ਅਪਰਾਧਿਕ ਅਤੇ 167 ’ਤੇ ਗੰਭੀਰ ਅਪਰਾਧਿਕ ਦੋਸ਼ ਹਨ।
ਤੀਜੇ ਪੜਾਅ ’ਚ 1352 ਉਮੀਦਵਾਰਾਂ ’ਚੋਂ 244 ’ਤੇ ਅਪਰਾਧਿਕ ਅਤੇ 172 ’ਤੇ ਗੰਭੀਰ ਅਪਰਾਧਿਕ ਮਾਮਲੇ, ਚੌਥੇ ਪੜਾਅ ’ਚ ਸਭ ਤੋਂ ਵੱਧ 1710 ਉਮੀਦਵਾਰਾਂ ’ਚੋਂ 360 ’ਤੇ ਅਪਰਾਧਿਕ ਅਤੇ 274 ’ਤੇ ਗੰਭੀਰ ਅਪਰਾਧਿਕ ਮਾਮਲੇ , ਪੰਜਵੇ ਪੜਾਅ ’ਚ 695 ਉਮੀਦਵਾਰਾਂ ’ਚੋਂ 159 ’ਤੇ ਅਪਰਾਧਿਕ ਅਤੇ 122 ’ਤੇ ਗੰਭੀਰ ਅਪਰਾਧਿਕ ਮਾਮਲੇ, ਛੇਵੇਂ ਪੜਾਅ ਦੇ 866 ਉਮੀਦਵਾਰਾਂ ’ਚੋਂ 180 ’ਤੇ ਅਪਰਾਧਿਕ ਅਤੇ 141 ’ਤੇ ਗੰਭੀਰ ਅਪਰਾਧਿਕ ਦੋਸ਼ ਪਾਏ ਗਏ ਹਨ।
1 ਜੂਨ ਨੂੰ ਕਰਵਾਏ ਜਾਣ ਵਾਲੇ ਅੰਤਿਮ ਭਾਵ ਸੱਤਵੇਂ ਪੜਾਅ ’ਚ 904 ਉਮੀਦਵਾਰ ਮੈਦਾਨ ’ਚ ਹਨ, ਜਿਨ੍ਹਾਂ ’ਚੋਂ 199 ਭਾਵ 22 ਫੀਸਦੀ ਉਮੀਦਵਾਰਾਂ ਵਿਰੁੱਧ ਅਪਰਾਧਿਕ ਅਤੇ 151 ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।
ਇਸ ਪੜਾਅ ’ਚ 4 ਉਮੀਦਵਾਰਾਂ ਵਿਰੁੱਧ ਹੱਤਿਆ ਅਤੇ 27 ਉਮੀਦਵਾਰਾਂ ਵਿਰੁੱਧ ਹੱਤਿਆ ਦੇ ਯਤਨ ਨਾਲ ਜੁੜੇ ਮਾਮਲੇ ਦਰਜ ਹਨ, 13 ਉਮੀਦਵਾਰਾਂ ਵਿਰੁੱਧ ਔਰਤਾਂ
ਵਿਰੁੱਧ ਅਪਰਾਧਾਂ ਦੇ ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ 2 ਉਮੀਦਵਾਰਾਂ ’ਤੇ ਜਬਰ-ਜ਼ਨਾਹ ਨਾਲ ਜੁੜੇ ਮਾਮਲੇ ਅਤੇ 25 ਉਮੀਦਵਾਰਾਂ ਵਿਰੁੱਧ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਹਨ।
ਜਿੱਥੋਂ ਤੱਕ ਉਮੀਦਵਾਰਾਂ ਵਲੋਂ ਐਲਾਨੇ ਪਾਰਟੀ ਵਾਰ ਅਪਰਾਧਿਕ ਮਾਮਲਿਆਂ ਦਾ ਸਬੰਧ ਹੈ, ਤ੍ਰਿਣਮੂਲ ਕਾਂਗਰਸ ਦੇ 9 ’ਚੋਂ 7, ਸਪਾ ਦੇ 9 ’ਚੋਂ 7, ਮਾਕਪਾ ਦੇ 8 ’ਚੋਂ 5, ਸ਼੍ਰੋਅਦ ਦੇ 13 ’ਚੋਂ 8, ਭਾਜਪਾ ਦੇ 51 ’ਚੋਂ 23, ਕਾਂਗਰਸ ਦੇ 31 ’ਚੋਂ 12, ‘ਆਪ’ ਦੇ 13 ’ਚੋਂ 5, ਬੀਜਦ ਦੇ 6 ’ਚੋਂ 2, ਭਾਕਪਾ ਦੇ 7 ’ਚੋਂ 2 ਅਤੇ ਬਸਪਾ ਦੇ 56 ’ਚੋਂ 13 ਉਮੀਦਵਾਰਾਂ ਨੇ ਆਪਣੇ ਉੱਪਰ ਅਪਰਾਧਿਕ ਮਾਮਲੇ ਦਰਜ ਹੋਣ ਦਾ ਐਲਾਨ ਕੀਤਾ ਹੈ।
ਬਲੀਆ ਤੋਂ ਬਸਪਾ ਟਿਕਟ ’ਤੇ ਚੋਣ ਲੜ ਰਹੇ ਲੱਲਨ ਸਿੰਘ ਯਾਦਵ ਦੇ ਵਿਰੁੱਧ ਸਭ ਤੋਂ ਵੱਧ 22 ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਪਿੱਛੋਂ ਦੂਜੇ ਸਥਾਨ ’ਤੇ ਵਾਰਾਣਸੀ ਤੋਂ ਕਾਂਗਰਸ ਦੇ ਉਮੀਦਵਾਰ ਅਜੇ ਰਾਏ ਹਨ, ਜਿਨ੍ਹਾਂ ’ਤੇ 18 ਅਪਰਾਧਿਕ ਮਾਮਲੇ ਦਰਜ ਹਨ। ਤੀਜੇ ਸਥਾਨ ’ਤੇ ਕੁਸ਼ੀਨਗਰ ਤੋਂ ‘ਰਾਸ਼ਟਰੀ ਸ਼ੋਸ਼ਿਤ ਸਮਾਜ ਪਾਰਟੀ’ ਦੇ ਉਮੀਦਵਾਰ ਸਵਾਮੀ ਪ੍ਰਸਾਦ ਮੌਰਿਆ ਹਨ। ਉਨ੍ਹਾਂ ’ਤੇ 9 ਅਪਰਾਧਿਕ ਮਾਮਲੇ ਦਰਜ ਹਨ।
ਇਸ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਸਾਫ-ਸੁਥਰੇ ਅਕਸ ਵਾਲੇ ਉਮੀਦਵਾਰਾਂ ਦੀ ਚੋਣ ਬਾਰੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਲੋਕ ਸਭਾ ਚੋਣਾਂ 2024 ਲਈ ਉਮੀਦਵਾਰਾਂ ਦੀ ਚੋਣ ’ਚ ਸਿਆਸੀ ਪਾਰਟੀਆਂ ’ਤੇ ਕੋਈ ਅਸਰ ਨਹੀਂ ਪਿਆ ਕਿਉਂਕਿ ਉਨ੍ਹਾਂ ਨੇ ਫਿਰ ਤੋਂ ਅਪਰਾਧਿਕ ਮਾਮਲਿਆਂ ਵਾਲੇ ਲਗਭਗ 22 ਫੀਸਦੀ ਉਮੀਦਵਾਰਾਂ ਨੂੰ ਟਿਕਟ ਦੇਣ ਦੇ ਆਪਣੇ ਪੁਰਾਣੇ ਰਿਵਾਜ ਦੀ ਹੀ ਪਾਲਣਾ ਕੀਤੀ ਹੈ।
ਸਿਆਸੀ ਪਾਰਟੀਆਂ ਅਤੇ ਜਾਗਰੂਕ ਵੋਟਰ ਹੀ ਅਜਿਹੇ ਲੋਕਾਂ ਨੂੰ ਜਨਤਾ ਦੀ ਪ੍ਰਤੀਨਿਧਤਾ ਕਰਨ ਤੋਂ ਰੋਕ ਸਕਦੇ ਹਨ। ਇਸ ਲਈ ਵੋਟਰਾਂ ਨੂੰ ਚੋਣ ਉਮੀਦਵਾਰਾਂ ਦੇ ਅਤੀਤ ਅਤੇ ਕੰਮਾਂ ਬਾਰੇ ਭਲੀ ਪ੍ਰਕਾਰ ਜਾਂਚ-ਪੜਤਾਲ ਕਰਨ ਪਿੱਛੋਂ ਹੀ ਉਨ੍ਹਾਂ ਨੂੰ ਆਪਣੀ ਕੀਮਤੀ ਵੋਟ ਪਾਉਣੀ ਚਾਹੀਦੀ ਹੈ।
ਇਸ ਮਾਮਲੇ ’ਚ ਕੁਝ ਕਾਨੂੰਨੀ ਸੁਧਾਰ ਵੀ ਜ਼ਰੂਰੀ ਹਨ ਤਾਂ ਕਿ ਸਾਨੂੰ ਸਾਫ ਅਕਸ ਵਾਲੇ ਇਮਾਨਦਾਰ ਅਤੇ ਦੂਜਿਆਂ ਨਾਲ ਹਮਦਰਦੀ ਰੱਖਣ ਵਾਲੇ ਸੇਵਾ ਭਾਵਨਾ ਵਾਲੇ ਆਗੂ ਮਿਲਣ, ਜੋ ਆਮ ਜਨਤਾ ਦੀ ਭਲਾਈ ਲਈ ਚੰਗਾ ਸ਼ਾਸਨ ਦੇ ਸਕਣ।
-ਵਿਜੇ ਕੁਮਾਰ