ਪਟਿਆਲਾ ਤੋਂ ਚੋਣ ਲੜੇ ਜਾਣ ਦੀਆਂ ਚਰਚਾਵਾਂ 'ਚ ਕੈਪਟਨ ਦੀ ਧੀ ਦਾ ਬਿਆਨ ਆਇਆ ਸਾਹਮਣੇ

Thursday, Jun 10, 2021 - 03:40 PM (IST)

ਪਟਿਆਲਾ ਤੋਂ ਚੋਣ ਲੜੇ ਜਾਣ ਦੀਆਂ ਚਰਚਾਵਾਂ 'ਚ ਕੈਪਟਨ ਦੀ ਧੀ ਦਾ ਬਿਆਨ ਆਇਆ ਸਾਹਮਣੇ

ਪਟਿਆਲਾ (ਰਾਜੇਸ਼ ਪੰਜੌਲਾ) :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰ ਰਹੀ ਮੁੱਖ ਮੰਤਰੀ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਨੇ ਸਪੱਸ਼ਟ ਕੀਤਾ ਕਿ ਪਟਿਆਲਾ ਸ਼ਹਿਰੀ ਹਲਕੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਚੋਣ ਲੜਨਗੇ। ਇੱਥੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਨ ਤੋਂ ਬਾਅਦ ਪੁੱਛੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਹ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਸਹਾਇਕ ਦੇ ਤੌਰ ’ਤੇ ਕੰਮ ਕਰ ਰਹੇ ਹਨ। ਪਟਿਆਲਾ ਸ਼ਹਿਰ ਦੇ ਲੋਕਾਂ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਨੂੰ ਵੱਡੀ ਲੀਡ ’ਤੇ ਜਿਤਾਇਆ ਹੈ, ਇਸ ਲਈ ਸ਼ਹਿਰ ਦੇ ਵਿਕਾਸ ਕਾਰਜਾਂ ’ਚ ਕੋਈ ਘਾਟ ਨਾ ਰਹੇ, ਇਸ ਨੂੰ ਧਿਆਨ ’ਚ ਰੱਖਦੇ ਹੋਏ ਉਹ ਸ਼ਹਿਰ ’ਚ ਕੰਮ ਕਰ ਰਹੇ ਹਨ। ਉਨ੍ਹਾਂ ਦੇ ਚੋਣ ਲੜਨ ਦਾ ਕੋਈ ਇਰਾਦਾ ਨਹੀਂ। ਉਹ ਤਾਂ ਪਟਿਆਲਾ ਦਾ ਵਿਕਾਸ ਚਾਹੁੰਦੇ ਹਨ।

ਇਹ ਵੀ ਪੜ੍ਹੋ : ਅਨਿਲ ਜੋਸ਼ੀ ਦੀ ਪੰਜਾਬ ਭਾਜਪਾ ਨੂੰ ਚਿਤਾਵਨੀ: 2 ਹਫ਼ਤਿਆਂ 'ਚ ਸਪੱਸ਼ਟ ਕਰੋ ਖੇਤੀ ਕਾਨੂੰਨਾਂ ’ਤੇ ਆਪਣਾ ਸਟੈਂਡ

ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਪਟਿਆਲਾ ਦੇ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਬੇਹੱਦ ਪਿਆਰ ਅਤੇ ਸਤਿਕਾਰ ਦਿੰਦੇ ਹਨ। ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪਟਿਆਲਾ ’ਚ ਵਿਕਾਸ ਗੰਗਾ ਸ਼ੁਰੂ ਹੋਈ ਹੈ। ਇਹ ਵਿਕਾਸ ਗੰਗਾ ਤੇਜ਼ੀ ਨਾਲ ਚੱਲੇ ਅਤੇ ਪਟਿਆਲਾ ਦੇ ਸਮੁੱਚੇ ਵਿਕਾਸ ਪ੍ਰਾਜੈਕਟ ਨਿਰਧਾਰਿਤ ਸਮੇਂ ’ਚ ਮੁਕੰਮਲ ਹੋਣ, ਇਸ ਧਾਰਨਾ ਨੂੰ ਲੈ ਕੇ ਹੀ ਉਹ ਕੰਮ ਕਰ ਰਹੇ ਹਨ। ਧਿਆਨ ਰਹੇ ਕਿ ਪਿਛਲੇ ਕਈ ਦਿਨਾਂ ਤੋਂ ਬੀਬਾ ਜੈਇੰਦਰ ਕੌਰ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਸਮੇਤ ਹੋਰ ਅਫ਼ਸਰਾਂ ਨੂੰ ਨਾਲ ਲੈ ਕੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਮੌਕੇ ’ਤੇ ਜਾ ਕੇ ਹਰ ਵਿਕਾਸ ਕਾਰਜ ਦੀ ਰਫ਼ਤਾਰ ਦੇਖ ਰਹੇ ਹਨ, ਜਿਸ ਕਾਰਨ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਬੀਬਾ ਜੈਇੰਦਰ ਕੌਰ 2022 ’ਚ ਪਟਿਆਲਾ ਤੋਂ ਚੋਣ ਲੜ ਸਕਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੋਹਾਲੀ ਜਾਂ ਖਰੜ ਹਲਕੇ ਤੋਂ ਚੋਣ ਲੜ ਸਕਦੇ ਹਨ। ਅੱਜ ਉਨ੍ਹਾਂ ਬਿਆਨ ਦੇ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਹੀ ਚੋਣ ਲੜਨਗੇ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ 'ਤੇ PM ਮੋਦੀ ਦੇ ਆਖ਼ਰੀ ਫ਼ੈਸਲੇ ਦੀ ਉਡੀਕ; ਕਾਂਗਰਸ ਅਤੇ ਅਕਾਲੀ ਦਲ ਦੀ ਜਾਨ ਮੁੱਠੀ ’ਚ

ਨੋਟ : 2022 ਚੋਣਾਂ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜੁਆਬ


author

Harnek Seechewal

Content Editor

Related News