ਕਣਕ ਘਪਲੇ ਦੀਆਂ ਖੁੱਲ੍ਹ ਰਹੀਆਂ ਹਨ ਪਰਤਾਂ,ਪਾਤੜਾਂ ਅਤੇ ਘੱਗਾ ਦੇ 11 ਆੜ੍ਹਤੀਏ ਹੋਏ ਰੂਪੋਸ਼

Thursday, Jun 30, 2022 - 03:00 PM (IST)

ਕਣਕ ਘਪਲੇ ਦੀਆਂ ਖੁੱਲ੍ਹ ਰਹੀਆਂ ਹਨ ਪਰਤਾਂ,ਪਾਤੜਾਂ ਅਤੇ ਘੱਗਾ ਦੇ 11 ਆੜ੍ਹਤੀਏ ਹੋਏ ਰੂਪੋਸ਼

ਪਾਤੜਾਂ (ਚੋਪੜਾ) : ਸਬ-ਡਵੀਜ਼ਨ ਪਾਤੜਾਂ ’ਚ ਸਰਕਾਰੀ ਖ਼ਰੀਦ ਏਜੰਸੀ ਪਨਗ੍ਰੇਨ ਦੇ ਗੋਦਾਮਾਂ ’ਚ ਹੋਏ ਕਰੋੜਾਂ ਰੁਪਏ ਦੇ ਘਪਲੇ ’ਚ ਗ੍ਰਿਫ਼ਤਾਰ ਕੀਤੇ ਗਏ ਇੰਸਪੈਕਟਰ ਮਨੋਜ ਕੁਮਾਰ ਵੱਲੋਂ ਪੁਲਸ ਰਿਮਾਂਡ ’ਤੇ ਚੱਲਦਿਆਂ ਵੱਡੇ ਖ਼ੁਲਾਸੇ ਕੀਤੇ ਜਾ ਰਹੇ ਹਨ। ਜਦੋਂ ਕਿ ਮਾਮਲੇ ’ਚ ਨਾਮਜ਼ਦ ਉਸ ਦੇ ਸਾਥੀ ਸਹਾਇਕ ਫੂਡ ਸਪਲਾਈ ਅਫ਼ਸਰ ਮਨਜੀਤ ਸਿੰਘ, ਇੰਸਪੈਕਟਰ ਹਰਸ਼ ਸਿੰਗਲਾ ਅਤੇ ਤਲਵਿੰਦਰ ਸਿੰਘ ਬੇਦੀ ਹਾਲੇ ਪੁਲਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ।

ਪੁਲਸ ਰਿਮਾਂਡ ਦੌਰਾਨ ਪੁੱਛ-ਪੜਤਾਲ ਸਮੇਂ ਇੰਸਪੈਕਟਰ ਮਨੋਜ ਕੁਮਾਰ ਮਿੱਤਲ ਨੇ ਮੰਨਿਆ ਕਿ ਉਸ ਨੇ ਕਸਬਾ ਘੱਗਾ ਦੇ 3 ਅਤੇ ਪਾਤੜਾਂ ਦੇ 8 ਆੜ੍ਹਤੀਆਂ ਨਾਲ ਮਿਲ ਕੇ ਇਸ ਕਰੋੜਾਂ ਰੁਪਏ ਦੇ ਘਪਲੇ ਨੂੰ ਅੰਜਾਮ ਦਿੱਤਾ ਹੈ। ਆੜ੍ਹਤੀਆਂ ਤੋਂ ਕਿਸਾਨਾਂ ਦੀ ਕਣਕ ਖ਼ਰੀਦ ਕਰ ਕੇ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਮੰਡੀ ’ਚੋਂ ਚੁੱਕਣ ਦੀ ਬਜਾਏ ਮੰਡੀ ਦੇ ਆੜ੍ਹਤੀਆਂ ਨਾਲ ਗੰਢ-ਤੁੱਪ ਕਰ ਕੇ ਉਸ ਨੂੰ ਦੂਹਰੀ ਵਾਰ ਵੇਚਿਆ ਗਿਆ ਹੈ। ਜਿਨ੍ਹਾਂ ਆੜ੍ਹਤੀਆਂ ਦੇ ਨਾਂ ਇਸ ਘਪਲੇ ’ਚ ਆ ਰਹੇ ਹਨ, ਉਹ ਆਪਣੇ ਫੋਨ ਬੰਦ ਕਰ ਕੇ ਰੂਪੋਸ਼ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਖ਼ਰੀਦ ਏਜੰਸੀ ਪਨਗ੍ਰੇਨ ਦੀ ਵਿਜੀਲੈਂਸ ਜਾਂਚ ਦੌਰਾਨ ਘੱਗਾ ਤੇ ਪਾਤੜਾਂ ਦੇ 13 ਗੋਦਾਮਾਂ ’ਚੋਂ 37 ਹਜ਼ਾਰ ਤੋਂ ਵੱਧ ਕਣਕ ਦੇ ਗੱਟੇ ਅਤੇ 1590 ਗੰਢਾਂ ਖਾਲੀ ਬਾਰਦਾਨੇ ਦੀਆਂ ਗਾਇਬ ਪਾਈਆਂ ਗਈਆਂ ਸਨ। ਪਨਗ੍ਰੇਨ ਦੀ ਜ਼ਿਲ੍ਹਾ ਮੈਨੇਜਰ ਵੱਲੋਂ ਜ਼ਿਲ੍ਹਾ ਪੁਲਸ ਮੁਖੀ ਨੂੰ ਕਾਰਵਾਈ ਲਈ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਪਿਛਲੇ ਹਫ਼ਤੇ ਪਨਗ੍ਰੇਨ ਏਜੰਸੀ ਦੇ 4 ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

ਡੀ. ਐੱਸ. ਪੀ. ਪਾਤੜਾਂ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਮੁਲਜ਼ਮ ਮਨੋਜ ਕੁਮਾਰ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ 8 ਪਾਤੜਾਂ ਦੀਆਂ ਅਤੇ 3 ਘੱਗਾ ਦੀਆਂ ਫਰਮਾਂ ਇਸ ਘਪਲੇ ’ਚ ਸ਼ਾਮਿਲ ਹਨ, ਜਿਨ੍ਹਾਂ ਪਨਗ੍ਰੇਨ ਖ਼ਰੀਦ ਏਜੰਸੀ ਦੇ ਅਧਿਕਾਰੀਆਂ ਨੇ ਆੜ੍ਹਤੀਆਂ ਨਾਲ ਮਿਲ ਕੇ ਘਪਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਥਾਣਾ ਘੱਗਾ ਅਤੇ ਥਾਣਾ ਪਾਤੜਾਂ ’ਚ 2 ਵੱਖ ਵੱਖ ਮਾਮਲਿਆਂ ’ਚ 11 ਆੜ੍ਹਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦਾ ਖ਼ੁਲਾਸਾ ਕੁਝ ਹੀ ਦਿਨਾਂ ’ਚ ਕਰ ਦਿੱਤਾ ਜਾਵੇਗਾ। ਮਾਮਲੇ ਦੀ ਉੱਚ ਅਫ਼ਸਰਾਂ ਦੁਆਰਾ ਡੁੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।


author

Harnek Seechewal

Content Editor

Related News