ਪਰਨੀਤ ਕੌਰ ਤੇ ਵਿਜੈ ਇੰਦਰ ਸਿੰਗਲਾ ਵਲੋਂ 3228 ਲੱਖ ਦੀ ਲਾਗਤ ਵਾਲੇ ਆਰ.ਓ.ਬੀ. ਦੇ ਕੰਮ ਦੀ ਸ਼ੁਰੂਆਤ

02/17/2020 5:58:00 PM

ਪਟਿਆਲਾ/ਰਾਜਪੁਰਾ (ਰਾਜੇਸ਼, ਚਾਵਲਾ, ਮਸਤਾਨਾ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬਾ ਵਾਸੀਆਂ ਨੂੰ ਆਵਾਜਾਈ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੀਤੇ ਜਾ ਰਹੇ ਉਪਰਾਲੇ ਤਹਿਤ ਅੱਜ 3228 ਲੱਖ ਰੁਪਏ ਦੀ ਲਾਗਤ ਨਾਲ ਪੁਰਾਣੀ ਜੀ.ਟੀ. ਰੋਡ ਦੇ 'ਚੋਂ ਲੰਘਦੀ ਰਾਜਪੁਰਾ-ਬਠਿੰਡਾ ਰੇਲਵੇ ਲਾਈਨ ਦੀ ਲੈਵਲ ਕਰਾਸਿੰਗ ਨੰ 1 'ਤੇ ਰੇਲਵੇ ਓਵਰ ਬ੍ਰਿਜ਼ ਬਣਾਉਣ ਦੇ ਕੰਮ ਦੀ ਸ਼ੁਰੂਆਤ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਰਵਾ ਕੇ ਰਾਜਪੁਰਾ ਵਾਸੀਆਂ ਦੀ ਲੰਮੇ ਸਮੇਂ ਤੋਂ ਉਠਾਈ ਜਾ ਰਹੀ ਮੰਗ ਨੂੰ ਪੂਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਅਤੇ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਵੀ ਮੌਜੂਦ ਸਨ।

ਆਰ.ਓ.ਬੀ. ਦੇ ਕੰਮ ਦੀ ਸ਼ੁਰੂਆਤ ਕਰਵਾਉਣ ਉਪਰੰਤ ਪੀ.ਡਬਲਿਊ.ਡੀ. ਗੈਸਟ ਹਾਊਸ ਵਿਖੇ ਲੋਕਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਸੂਬੇ ਦੇ ਵਿਕਾਸ 'ਚ ਸੜਕੀ ਸੰਪਰਕ ਮੁਖ ਭੂਮਿਕਾ ਨਿਭਾਉਂਦਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਣਨ ਤੋਂ ਬਾਅਦ ਸੜਕੀ ਸੰਪਰਕ 'ਚ ਸੁਧਾਰ ਕਰਨ ਲਈ ਲਗਾਤਾਰ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਰਾਜਪੁਰਾ ਵਿਖੇ ਬਣਨ ਵਾਲੇ ਇਸ ਪੁਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿੱਜੀ ਦਿਲਚਸਪੀ ਲੈ ਕੇ ਪੁਲ ਬਣਾਉਣ ਦੇ ਕੰਮ ਲਈ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਵੱਲੋਂ ਰਾਜਪੁਰਾ ਵਾਸੀਆਂ ਦੀਆਂ ਸਮੱਸਿਆਵਾਂ ਮੁੱਖ ਮੰਤਰੀ ਕੋਲ ਉਠਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਚੰਗੀ ਪੈਰਵਾਈ ਸਦਕਾ ਹੀ ਰਾਜਪੁਰਾ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।

ਇਸ ਮੌਕੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸੰਬੋਧਨ ਕਰਦਿਆ ਕਿਹਾ ਕਿ ਪੁਲ ਨਾ ਹੋਣ ਕਾਰਨ ਲੋਕਾਂ ਦੀ ਪਰੇਸ਼ਾਨੀ ਤੋਂ ਮੁੱਖ ਮੰਤਰੀ ਖੁਦ ਜਾਣੂ ਸਨ ਅਤੇ ਜਦ ਉਨ੍ਹਾਂ ਪਾਸ ਪੁਲ ਸਬੰਧੀ ਪ੍ਰਸਤਾਵ ਲਿਜਾਇਆ ਗਿਆ ਤਾਂ ਉਨ੍ਹਾਂ ਇਸ ਦੇ ਕੰਮ ਨੂੰ ਪਹਿਲ ਦੇ ਆਧਾਰ 'ਤੇ ਸ਼ੁਰੂ ਕਰਨ ਲਈ ਕਿਹਾ। ਸ੍ਰੀ ਸਿੰਗਲ ਨੇ ਦੱਸਿਆਿ ਕ 3228 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਦੀ ਲੰਬਾਈ 670 ਮੀਟਰ ਅਤੇ ਚੌੜਾਈ 12 ਮੀਟਰ ਹੋਵੇਗੀ ਅਤੇ ਇਸ ਦਾ ਕੰਮ ਡੇੜ ਸਾਲ ਵਿੱਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬੇ 'ਚ ਸੜਕੀ ਆਵਾਜਾਈ ਸਹੀ ਕਰਨ ਲਈ ਜੀ.ਟੀ. ਰੋਡ 'ਤੇ ਰਾਜਪੁਰਾ ਤੋਂ ਜਲੰਧਰ ਤੱਕ ਲੰਮੇ ਸਮੇਂ ਤੋਂ ਰੁੱਕੇ ਹੋਏ ਪੰਜ ਪੁਲਾਂ ਦਾ ਕੰਮ ਵੀ ਛੇਤੀ ਮੁਕੰਮਲ ਕਰਨ ਲਈ ਸਬੰਧੀ ਕੰਪਨੀ ਨੂੰ ਕਿਹਾ ਗਿਆ ਹੈ ਤਾਂ ਜੋ ਲੋਕਾਂ ਨੂੰ ਆਵਾਜਾਈ ਵਿਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਸੜਕੀ ਆਵਾਜਾਈ ਨੂੰ ਦਰੁਸਤ ਕਰਨ ਲਈ ਯਤਨਸ਼ੀਲ ਹੈ।
ਇਸ ਮੌਕੇ ਹਲਕਾ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ਼ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦਾ ਧੰਨਵਾਂਦ ਕਰਦਿਆ ਕਿਹਾ ਕਿ ਜਦੋਂ ਵੀ ਉਹ ਰਾਜਪੁਰਾ ਸਬੰਧੀ ਕੋਈ ਵੀ ਮਸਲਾ ਸਰਕਾਰ ਪਾਸ ਲੈਕੇ ਗਏ ਹਨ ਉਸ ਮਸਲੇ ਦਾ ਸਰਕਾਰ ਨੇ ਤੁਰੰਤ ਹੱਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲ ਸਬੰਧੀ ਵੀ ਜਦ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਤਾਂ ਉਨ੍ਹਾਂ ਇਸ ਸਮੱਸਿਆ ਸਬੰਧੀ ਤੁਰੰਤ ਕਾਰਵਾਈ ਕਰਦਿਆ ਸਬੰਧਤ ਵਿਭਾਗ ਨੂੰ ਕੰਮ ਸ਼ੁਰੂ ਕਰਨ ਲਈ ਕਿਹਾ ਅਤੇ ਇਸ ਸਬੰਧੀ ਰੇਲਵੇ ਵਿਭਾਗ ਤੋਂ ਮੰਨਜੂਰੀ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਖੁਦ ਰੇਲਵੇ ਮੰਤਰੀ ਨੂੰ ਮਿਲਕੇ ਪ੍ਰਾਪਤ ਕੀਤੀ।

ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਚੇਅਰਮੈਨ ਲੇਬਰ ਵੈਲਫੇਅਰ ਬੋਰਡ ਸ੍ਰੀ ਹਰੀ ਸਿੰਘ ਟੋਹੜਾ, ਐਸ.ਡੀ.ਐਮ. ਰਾਜਪੁਰਾ ਸ੍ਰੀ ਸ਼ਿਵ ਕੁਮਾਰ, ਮੁੱਖ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸ. ਵਰਿੰਦਰਜੀਤ ਸਿੰਘ ਢੀਡਸਾ, ਐਸ.ਈ. ਸ੍ਰੀ ਐਨ.ਆਰ. ਗੋਇਲ, ਐਕਸੀਅਨ ਸ੍ਰੀ ਮਨਪ੍ਰੀਤ ਸਿੰਘ ਦੂਆ, ਸ੍ਰੀਮਤੀ ਗੁਰਮੀਤ ਕੌਰ, ਕਾਂਗਰਸ ਦੇ ਦਿਹਾਤੀ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ, ਜ਼ਿਲ੍ਹਾ ਕਾਂਗਰਸ ਯੂਥ ਪ੍ਰਧਾਨ ਸ. ਨਿਰਭੈ ਸਿੰਘ ਮਿਲਟੀ, ਸ੍ਰੀ ਗਗਨਦੀਪ ਸਿੰਘ ਜੌਲੀ ਜਲਾਲਪੁਰ, ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਸ੍ਰੀ ਨਰਿੰਦਰ ਸ਼ਾਸਤਰੀ, ਸ੍ਰੀ ਬਲਦੇਵ ਸਿੰਘ, ਇੰਪਰੂਵਮੈਂਟ ਟਰਸਟ ਚੇਅਰਮੈਨ ਸ੍ਰੀ ਭੁਪਿੰਦਰ ਸੈਣੀ, ਪੀ.ਆਰ.ਟੀ.ਸੀ. ਦੇ ਉਪ ਚੇਅਰਮੈਨ ਸ੍ਰੀ ਗੁਰਿੰਦਰ ਸਿੰਘ ਦੂਆ, ਸ੍ਰੀ ਜਗਦੀਸ਼ ਕੁਮਾਰ ਜੱਗਾ, ਸ੍ਰੀ ਵਿਨੈ ਅਤੇ ਵੱਡੀ ਗਿਣਤੀ ਇਲਾਕਾ ਨਿਵਾਸੀ, ਪੰਚ, ਸਰਪੰਚ ਵੀ ਮੌਜੂਦ ਸਨ।


Shyna

Content Editor

Related News