ਭਾਦਸੋਂ ’ਚ ਟਰੈਫਿਕ ਸਮੱਸਿਆ ਕਾਰਨ ਲੋਕ ਪ੍ਰੇਸ਼ਾਨ

11/15/2018 4:22:39 PM

ਪਟਿਆਲਾ (ਹਰਦੀਪ)-ਸਥਾਨਕ ਕਸਬਾ ਭਾਦਸੋਂ ਦੇ ਬਜ਼ਾਰ ’ਚ ਕਿਸੇ ਵੀ ਸਡ਼ਕ ਉੱਤੇ ਚਲੇ ਜਾਓ, ਟਰੈਫਿਕ ਜਾਮ ਹੋਣ ਕਰ ਕੇ ਲੋਕਾਂ ਦਾ ਸਮਾਂ ਬਰਬਾਦ ਹੁੰਦਾ ਹੈ। ਕਈ ਵਾਰ ਆਪਸੀ ਝਗਡ਼ੇ ਵੀ ਹੋ ਜਾਂਦੇ ਹਨ। ਸਥਾਨਕ ਕਸਬੇ ’ਚ ਬੱਸ ਅੱਡੇ ਤੋਂ ਲੈ ਕੇ ਪੁਰਾਣੇ ਬਜ਼ਾਰ ਤੱਕ ਸਡ਼ਕ ਦੇ ਦੋਵੇਂ ਪਾਸੇ ਦੁਕਾਨਦਾਰਾਂ ਵੱਲੋਂ ਬਾਹਰ ਸਜਾਏ ਗਏ ਸਾਮਾਨ ਅਤੇ ਸਾਈਨ ਬੋਰਡਾਂ ਕਾਰਨ ਸਡ਼ਕ ਦਾ ਲਾਂਘਾ ਛੋਟਾ ਪੈ ਰਿਹਾ ਹੈ। ਇਸ ਤੋਂ ਇਲਾਵਾ ਬਜ਼ਾਰ ’ਚ ਲੋਕਾਂ ਤੇ ਦੁਕਾਨਦਾਰਾਂ ਵੱਲੋਂ ਖਡ਼੍ਹੇ ਕੀਤੇ ਬੇਤਰਤੀਬੇ ਮੋਟਰਸਾਈਕਲ ਅਤੇ ਕਾਰਾਂ ਆਦਿ ਵੀ ਟਰੈਫਿਕ ਜਾਮ ਕਰਨ ਲਈ ਜ਼ਿੰਮੇਵਾਰ ਹਨ। ਸਡ਼ਕ ਦੇ ਕਿਨਾਰਿਆਂ ਉੱਤੇ ਨਾਜਾਇਜ਼ ਕਬਜ਼ੇ ਸਭ ਤੋਂ ਜ਼ਿਆਦਾ ਨਾਭਾ-ਭਾਦਸੋਂ ਦੇ ਰੋਡ ’ਤੇ ਹਨ। ਇਥੇ ਸਬਜ਼ੀ ਵਾਲੀਆਂ ਚਲਦੀਆਂ-ਫਿਰਦੀਆਂ ਰੇਹਡ਼ੀਆਂ ਵੀ ਟਰੈਫਿਕ ਸਮੱਸਿਆਂ ਦੀ ਜਡ਼੍ਹ ਹਨ। ਇਸ ਸਬੰਧੀ ਜਸਵੰਤ ਸਿੰਘ ਚਾਸਵਾਲ, ਸੁਖਵਿੰਦਰ ਸਿੰਘ ਸੁੱਖ ਘੁੰਮਣ, ਕੁਲਦੀਪ ਸਿੰਘ, ਦਿਲਪ੍ਰੀਤ ਸਿੰਘ, ਜਗਤਾਰ ਸਿੰਘ, ਹੈਪੀ, ਸੁਰਜੀਤ ਸਿੰਘ, ਨਿਰਭੈ ਸਿੰਘ ਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਪਿੰਡ ਚਾਸਵਾਲ ਤੋਂ ਇਕ ਬੀਮਾਰ ਅੌਰਤ ਸੁਖਵੀਰ ਕੌਰ ਪਤਨੀ ਸੁਰਜੀਤ ਸਿੰਘ ਨੂੰ ਇਲਾਜ ਲਈ ਭਾਦਸੋਂ ਸਰਕਾਰੀ ਹਸਪਤਾਲ ਲੈ ਕੇ ਆ ਰਹੇ ਸਨ। ਭਾਦਸੋਂ-ਨਾਭਾ ਰੋਡ ’ਤੇ ਜ਼ਿਆਦਾ ਟ੍ਰੈਫਿਕ ਹੋਣ ਕਰ ਕੇ ਉਸ ਅੌਰਤ ਦ ੀ ਹਸਪਤਾਲ ਨਾ ਪਹੁੰਚਣ ਕਾਰਨ ਮੌਤ ਹੋ ਗਈ। ਇਸ ਮੌਕੇ ਪਿੰਡ ਚਾਸਵਾਲ ਤੇ ਭਾਦਸੋਂ ਦੇ ਲੋਕਾਂ ਨੇ ਕਿਹਾ ਕਿ ਦੁਕਾਨਦਾਰਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਡ਼ਕਾਂ ’ਤੇ ਸਾਮਾਨ ਨਾ ਰੱਖਿਆ ਜਾਵੇ। ਨਾ ਹੀ ਸਕੂਟਰ-ਕਾਰਾਂ ਸਡ਼ਕ ’ਤੇ ਖੜ੍ਹੀਆਂ ਕੀਤੀਅਾਂ ਜਾਣ। ਇਸ ਸਬੰਧੀ ਜਦੋਂ ਥਾਣਾ ਭਾਦਸੋਂ ਦੇ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਾਮਾਨ ਰੋਡ ’ਤੇ ਨਾ ਰੱਖਣ। ਜੇਕਰ ਸਾਮਾਨ ਬਹਾਰ ਰੱਖਣਗੇ ਤਾਂ ਨਗਰ ਪੰਚਾਇਤ ਭਾਦਸੋਂ ਦੇ ਮੁਲਾਜ਼ਮਾਂ ਤੇ ਈ. ਓ. ਨੂੰ ਨਾਲ ਲੈ ਕੇ ਦੁਕਾਨਦਾਰਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਈ. ਓ. ਅਮਨਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਟਰੈਫਿਕ ਦੀ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ।


Related News