ਜਲਾਲਪੁਰ ਨੇ ਲੋਹਸਿੰਬਲੀ ਨੂੰ ਖੇਡ ਸਟੇਡੀਅਮ ਲਈ ਦਿੱਤੀ 15 ਲੱਖ ਦੀ ਗ੍ਰਾਂਟ
Monday, Nov 12, 2018 - 01:48 PM (IST)
ਪਟਿਆਲਾ (ਜੋਸਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਥਾਪਤ ਹੋਈ ਕਾਂਗਰਸ ਸਰਕਾਰ ਵੱਲੋਂ ਸਮੁੱਚੇ ਪੰਜਾਬ ਵਿਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਵਿੱਢੇ ਹੋਏ ਹਨ। ਇਤਿਹਾਸ ਗਵਾਹ ਕਿ ਹੈ ਕਿ ਜੋ ਕੰਮ ਲੰਘੇ 60 ਸਾਲਾਂ ਵਿਚ ਨਹੀਂ ਸਨ ਹੋਏ, ਉਹ ਅਸੀਂ ਸਿਰਫ਼ ਡੇਢ ਸਾਲ ਵਿਚ ਕਰ ਦਿਖਾਏ ਹਨ। ਪਛਡ਼ਿਆ ਕਹੇ ਜਾਣ ਵਾਲੇ ਹਲਕੇ ਦੀ ਤਸਵੀਰ ਬਦਲ ਰਹੀ ਹੈ। ਇਹ ਪ੍ਰਗਟਾਵਾ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਪਿੰਡ ਲੋਹਸਿੰਬਲੀ ਦੇ ਨੌਜਵਾਨਾਂ ਨੂੰ ਖੇਡ ਸਟੇਡੀਅਮ ਦੀ ਉਸਾਰੀ ਲਈ 15 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਪ੍ਰਦਾਨ ਕਰਦਿਆਂ ਕੀਤਾ। ਜਲਾਲਪੁਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਮੰਡੌਲੀ ਤੇ ਮੰਜੌਲੀ ਨੂੰ ਵੀ ਖੇਡ ਸਟੇਡੀਅਮਾਂ ਲਈ ਗ੍ਰਾਂਟ ਜਾਰੀ ਕਰਵਾਈ ਹੈ। ਜਲਦ ਹੋਰ ਵੀ ਕਈ ਪਿੰਡਾਂ ਨੂੰ ਮੰਗ ਅਨੁਸਾਰ ਲੋਡ਼ੀਂਦੀਆਂ ਗ੍ਰਾਂਟਾਂ ਜਾਰੀ ਕਰਵਾਈਆਂ ਜਾਣਗੀਆਂ। ਜਲਾਲਪੁਰ ਨੇ ਇਹ ਵੀ ਕਿਹਾ ਕਿ ਜਲਦ ਹੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਪਾਰਕਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ, ਜਿਥੇ ਸ਼ਾਮ-ਸਵੇਰ ਸਾਡੇ ਬਜ਼ੁਰਗ ਅਤੇ ਭੈਣਾਂ ਸੈਰ ਕਰ ਸਕਿਆ ਕਰਨਗੇ। ਇਸ ਦੌਰਾਨ ਜ਼ਿਲਾ ਪ੍ਰੀਸ਼ਦ ਮੈਂਬਰ ਪਰਮਿੰਦਰ ਸਿੰਘ ਲਾਲੀ, ਨੌਜਵਾਨ ਆਗੂ ਅਕਸ਼ੇ ਕੁਮਾਰ ਲੋਹਸਿੰਬਲੀ ਵੱਲੋਂ ਗ੍ਰਾਂਟ ਜਾਰੀ ਕਰਵਾਉਣ ’ਤੇ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਦਲਬੀਰ ਸਿੰਘ, ਪੰਚ ਹਰਿੰਦਰ ਸਿੰਘ, ਤਲਵਿੰਦਰ ਸਿੰਘ, ਦਵਿੰਦਰ ਸਿੰਘ, ਪੀ. ਏ. ਮੰਗਤ ਸਿੰਘ ਜੰਗਪੁਰਾ, ਕਰਨੈਲ ਸਿੰਘ ਆਕਡ਼, ਸਰਦਾਰਾ ਸਿੰਘ ਮਗਰ ਅਤੇ ਲਾਲਾ ਕਾਮੀ ਖੁਰਦ ਸਮੇਤ ਹੋਰ ਵੀ ਹਾਜ਼ਰ ਸਨ।