ਜ਼ਮੀਨ ਵੇਚਣ ਦਾ ਝਾਂਸਾ ਦੇ ਕੇ 59.83 ਲੱਖ ਰੁਪਏ ਦੀ ਧੋਖਾਧੜੀ, ਦੋ ਸਕੇ ਭਰਾਵਾਂ ਖਿਲਾਫ ਮਾਮਲਾ ਦਰਜ
Friday, May 02, 2025 - 06:25 PM (IST)

ਸਮਾਣਾ (ਦਰਦ, ਅਸ਼ੋਕ) : ਜ਼ਮੀਨ ਵੇਚਣ ਦਾ ਝਾਂਸਾ ਦੇ ਕੇ 59.83 ਲੱਖ ਰੁਪਏ ਦੀ ਠੱਗੀ ਮਾਰਨ ਦੇ ਇਕ ਮਾਮਲੇ ’ਚ ਸਦਰ ਪੁਲਸ ਨੇ ਦੋ ਸਕੇ ਭਰਾਵਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ’ਚ ਯਾਦਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਵਾਸੀ ਸ਼ਾਮਲ ਹਨ। ਮਾਮਲੇ ਦੇ ਜਾਂਚ ਅਧਿਕਾਰੀ ਸਦਰ ਪੁਲਸ ਦੇ ਏ.ਐੱਸ.ਆਈ.ਸਰਬਜੀਤ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਨਿਵਾਸੀ ਦਸਮੇਸ਼ ਨਗਰ ਪਟਿਆਲਾ ਵੱਲੋਂ 12 ਨਵੰਬਰ 2024 ਨੂੰ ਉਚ ਪੁਲਸ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਮੁਲਜ਼ਮਾ ਨੇ ਉਸ ਨੂੰ 27 ਕਨਾਲ 4 ਮਰਲੇ ਜ਼ਮੀਨ ਵੇਚਣ ਦਾ ਝਾਂਸਾ ਦੇ ਕੇ 59.83 ਲੱਖ ਰੁਪਏ ਲੈ ਲਏ, ਬਾਅਦ ਵਿਚ ਨਾ ਤਾਂ ਉਨ੍ਹਾਂ ਨੇ ਜ਼ਮੀਨ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਉਸ ਕੋਲੋ ਲਈ ਗਈ ਰਕਮ ਵਾਪਸ ਕੀਤੀ, ਸਗੋਂ ਉਹ ਜ਼ਮੀਨ ਕਿਸੇ ਹੋਰ ਵਿਅਕਤੀ ਨੂੰ ਵੇਚ ਕੇ ਉਸ ਦੇ ਨਾਲ ਧੋਖਾਧੜੀ ਕੀਤੀ ਗਈ। ਅਧਿਕਾਰੀ ਅਨੁਸਾਰ ਉਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਉਪਰੰਤ ਦਿੱਤੀ ਗਈ ਰਿਪੋਰਟ ਦੇ ਅਧਾਰ 'ਤੇ ਸਦਰ ਪੁਲਸ ਨੇ ਮੁਲਜ਼ਮਾਂ ਖ਼ਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।