ਘੱਗਰ ਦਰਿਆ ਵਿਚ ਚੱਲ ਰਹੀ ਸੀ ਨਜਾਇਜ਼ ਮਾਈਨਿੰਗ, ਪੁਲਸ ਨੇ ਪਾ ''ਤੀ ਕਾਰਵਾਈ
Saturday, Jun 14, 2025 - 05:55 PM (IST)

ਦੇਵੀਗੜ੍ਹ (ਨੌਗਾਵਾਂ) : ਪੰਜਾਬ ਸਰਕਾਰ ਵੱਲੋਂ ਅੱਜ ਕੱਲ੍ਹ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਿਆ ਹੋਇਆ ਹੈ ਅਤੇ ਸਥਾਨਕ ਪੁਲਸ ਵੱਲੋਂ ਕਈ ਥਾਵਾਂ 'ਤੇ ਛਾਪੇ ਮਾਰੇ ਜਾ ਰਹੇ ਹਨ, ਜਿਸ ਕਰਕੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸ ਦੌਰਾਨ ਦੇਵੀਗੜ੍ਹ ਨੇੜੇ ਪਿੰਡ ਅਰਨੋਲੀ ਨੇੜੇ ਘੱਗਰ ਦਰਿਆ ਵਿਚੋਂ ਨਜਾਇਜ਼ ਮਾਈਨਿੰਗ ਕਰਨ ਵਾਲੀ ਇਕ ਪਾਰਟੀ ਬਾਰੇ ਪੁਲਸ ਨੂੰ ਇਤਲਾਹ ਮਿਲੀ ਸੀ, ਜਿਸ 'ਤੇ ਜਦੋਂ ਪੁਲਸ ਵੱਲੋਂ ਛਾਪਾ ਮਾਰਿਆ ਗਿਆ ਤਾਂ ਇਹ ਲੋਕ ਪੁਲਸ ਨੂੰ ਵੇਖ ਕੇ ਕੁਝ ਟਰਾਲੀਆਂ ਅਤੇ ਜੇ.ਸੀ.ਬੀ. ਮਸ਼ੀਨ ਵਿਚੇ ਛੱਡ ਕੇ ਭੱਜ ਗਏ।
ਇਹ ਲੋਕ ਘੱਗਰ ਵਿਚੋਂ ਮਿੱਟੀ ਪੁੱਟ ਕੇ ਟਰਾਲੀਆਂ ਵਿਚ ਲੱਦ ਕੇ ਬਾਹਰ ਕਿਤੇ ਵੇਚ ਰਹੇ ਸਨ। ਇਸ ਸਬੰਧੀ ਪੁਲਸ ਨੇ ਥਾਣਾ ਜੁਲਕਾਂ ਅਧੀਨ ਪਿੰਡ ਅਲੀਪੁਰ ਸਿੱਖਾਂ ਦੇ ਸੋਹਣ ਲਾਲ ਪੁੱਤਰ ਰਾਮ ਕਿਸ਼ਨ ਵਿਰੁੱਧ ਧਾਰਾ 21 ਮਾਈਨਜ਼ ਐਂਡ ਮਿਨਰਲ ਐਕਟ ਸੈਕਸ਼ਨ 303 2 ਬੀ.ਐੱਨ.ਐੱਸ. ਤਹਿਤ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।