ਭਾਰੀ ਮੀਂਹ ਕਾਰਨ ਪਾਣੀ 'ਚ ਡੁੱਬਿਆ ਝੋਨਾ, ਕਿਸਾਨ ਪਰੇਸ਼ਾਨ

07/16/2019 3:28:22 PM

ਫਤਿਹਗੜ੍ਹ ਸਾਹਿਬ (ਵਿਪਨ)—ਫਤਿਹਗੜ੍ਹ ਸਾਹਿਬ 'ਚ ਪੈਂਦੇ ਪਿੰਡ ਹਰਲਾਲਪੁਰ ਵਿਖੇ ਕਰੀਬ 35 ਤੋਂ 40 ਏਕੜ ਰਕਬੇ 'ਚ ਬੀਜਿਆ ਹੋਇਆ ਝੋਨਾ ਬਰਸਾਤੀ ਪਾਣੀ ਦੀ ਮਾਰ ਹੇਠ ਆਉਣ ਕਾਰਨ ਉੱਥੋਂ ਦੇ ਕਿਸਾਨਾਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ 2015 ਦੌਰਾਨ ਵੀ ਅਜਿਹੀ ਸਥਿਤੀ ਪੈਦਾ ਹੋ ਗਈ ਸੀ। ਉਨ੍ਹਾਂ ਕਿਹਾ ਕਿ ਨਾਲ ਲੱਗਦੇ ਪਿੰਡਾਂ ਦੇ ਖੇਤਾਂ ਦਾ ਪਾਣੀ ਵੀ ਉਨ੍ਹਾਂ ਦੀ ਜ਼ਮੀਨ 'ਚ ਆ ਗਿਆ ਹੈ, ਜਿਸ ਕਾਰਨ ਕਿਸਾਨਾਂ ਦੇ ਲੱਕ ਤੱਕ ਪਾਣੀ ਪਹੁੰਚ ਗਿਆ ਹੈ, ਜਿਸ ਕਾਰਨ ਝੋਨਾ ਤਕਰੀਬਨ ਸਾਰਾ ਹੀ ਪਾਣੀ 'ਚ ਡੁੱਬ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਾਲ ਹੀ ਭਾਖੜਾ ਨਹਿਰ ਵੱਗਦੀ ਹੈ ਅਤੇ ਸੜਕਾਂ, ਰੇਲਵੇ ਟਰੈਕ ਹੋਣ ਕਾਰਨ ਅੱਗੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਜਿਸ ਦੇ ਚੱਲਦਿਆਂ ਉਨ੍ਹਾਂ ਦੀ ਝੋਨੇ ਦੀ ਪਨੀਰੀ ਦੇ ਬਰਬਾਦ ਹੋਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਨੂੰ ਮੀਡੀਆ ਰਾਹੀਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਖੇਤਾਂ 'ਚ ਇਕੱਠੇ ਹੋਏ ਪਾਣੀ ਨੂੰ ਅੱਗੇ ਤੋਰਨ ਲਈ ਖਾਲੀ ਪੁੱਟੀ ਜਾਵੇ ਜਾਂ ਹੋਰ ਕੋਈ ਪੁਖਤਾ ਪ੍ਰਬੰਧ ਕੀਤੇ ਜਾਣ, ਤਾਂ ਜੋ ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।


Shyna

Content Editor

Related News