ਘੱਗਾ ’ਚ 2 ਮਜ਼ਦੂਰ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗੀਆਂ

Thursday, Oct 02, 2025 - 04:17 PM (IST)

ਘੱਗਾ ’ਚ 2 ਮਜ਼ਦੂਰ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗੀਆਂ

ਪਾਤੜਾਂ (ਮਾਨ) : ਪੰਜਾਬ ਵਿਚ ਲਗਾਤਾਰ ਪਏ ਭਾਰੀ ਮੀਂਹ ਨੇ ਗਰੀਬ ਮਜ਼ਦੂਰ ਪਰਿਵਾਰਾਂ ਦੀ ਜ਼ਿੰਦਗੀ ਪਟੜੀ ਤੋਂ ਉਤਾਰ ਦਿੱਤੀ ਹੈ। ਪਟਿਆਲਾ ਦੇ ਹਲਕਾ ਸ਼ੁਤਰਾਣਾ ਦੇ ਪਿੰਡਾਂ ਕਸਬਿਆਂ ਵਿਚ ਜਰਜਰ ਹਲਾਤ ਵਿਚ ਆਪਣੇ ਮਕਾਨਾਂ ਅੰਦਰ ਦਿਨ ਕਟ ਰਹੇ ਮਜ਼ਦੂਰਾਂ ਦੇ ਮਕਾਨ ਦੀਆਂ ਛੱਤਾਂ ਬਾਰਿਸ਼ ਵਿਚ ਡਿੱਗ ਗਈਆਂ। ਅਜਿਹੇ ਸਾਰੇ ਪੀੜਤ ਪਰਿਵਾਰਾਂ ਬਾਰੇ ਪਤਾ ਕਰ ਕੇ ਉਨ੍ਹਾਂ ਦਾ ਹਾਲ ਜਾਨਣ ਲਈ ਲਗਾਤਾਰ ਹਲਕੇ ਦੇ ਪਿੰਡਾਂ ਵਿਚ ਦਿਨ-ਰਾਤ ਲੋਕਾਂ ਕੋਲ ਜਾ ਕੇ ਉਨ੍ਹਾਂ ਦਾ ਦੁੱਖ ਸੁਣ ਰਹੇ ਹਲਕਾ ਸ਼ੁਤਰਾਣਾ ਦੇ ਸਰਗਰਮ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਸਬਾ ਘੱਗਾ ਦੇ ਮਜ਼ਦੂਰ ਦਾਨਾ ਰਾਮ ਅਤੇ ਕੇਵਾ ਰਾਮ ਦੇ ਪਰਿਵਾਰ ਦਾ ਹਾਲ ਜਾਣਿਆ, ਜਿਨ੍ਹਾਂ ਨੇ ਦੱਸਿਆ ਕਿ ਲਗਾਤਾਰ ਪਈ ਬਾਰਿਸ਼ ਕਾਰਨ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਗਈ, ਬੱਸ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ । 

ਦੋਵੇਂ ਮਜ਼ਦੂਰ ਪਰਿਵਾਰਾਂ ਨੇ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿਚ ਉਹ ਬੱਸ ਦੋ ਵਕਤ ਦੀ ਰੋਟੀ ਦਾ ਹੀ ਬੰਦੋਬਸਤ ਕਰ ਪਾਉਂਦੇ ਹਨ, ਹੁਣ ਉਨ੍ਹਾਂ ਨੂੰ ਫਿਕਰ ਹੈ ਕਿ ਉਹ ਮਕਾਨ ਬਣਾਉਣ ਲਈ ਇੰਨਾਂ ਪੈਸਾ ਕਿੱਥੋਂ ਲਿਆਉਣਗੇ। ਲਗਾਤਾਰ ਹੋਈ ਬਾਰਿਸ਼ ਨੇ ਗਰੀਬ ਮਜ਼ਦੂਰ ਪਰਿਵਾਰਾਂ ਕੋਲੋਂ ਛੱਤਾਂ ਵੀ ਖੋਹ ਲਈਆਂ ਪਰ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਅਜਿਹੇ ਕੇਸਾਂ ਦੀ ਕੋਈ ਨਿਸ਼ਾਨਦੇਹੀ ਨਹੀਂ ਕੀਤੀ ਜਾ ਰਹੀ ਨਾ ਹੀ ਅਜੇ ਤੱਕ ਸਰਕਾਰ ਵੱਲੋਂ ਗਰੀਬ ਮਜ਼ਦੂਰ ਪਰਿਵਾਰਾਂ ਨੂੰ ਮਕਾਨਾਂ ਦੀਆਂ ਛੱਤਾਂ ਬਦਲਣ ਲਈ ਕੋਈ ਮੁਆਵਜ਼ਾ ਰਾਸ਼ੀ ਦਿੱਤੀ ਗਈ ਹੈ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਜਲਦ ਹੀ ਹਲਕਾ ਸ਼ੁਤਰਾਣਾ ਦੇ ਅਜਿਹੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਨਾ ਕੀਤੀ ਤਾਂ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਉਹ ਸਰਕਾਰ ਖਿਲਾਫ ਸੰਘਰਸ਼ ਵਿਢਣਗੇ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।


author

Gurminder Singh

Content Editor

Related News