ਪਾਕਿਸਤਾਨ ’ਚ 300 ਰੁਪਏ ਕਿਲੋ ਤੱਕ ਪੁੱਜੇ ਟਮਾਟਰ

Tuesday, Oct 07, 2025 - 11:50 PM (IST)

ਪਾਕਿਸਤਾਨ ’ਚ 300 ਰੁਪਏ ਕਿਲੋ ਤੱਕ ਪੁੱਜੇ ਟਮਾਟਰ

ਗੁਰਦਾਸਪੁਰ/ਕਵੇਟਾ, (ਵਿਨੋਦ)– ਪਾਕਿਸਤਾਨ ’ਚ ਮਹਿੰਗਾਈ ਦੀ ਮਾਰ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਕਵੇਟਾ ਵਿਚ ਟਮਾਟਰ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ, ਜਿਸ ਦਾ ਸਿੱਧਾ ਅਸਰ ਘਰੇਲੂ ਬਜਟ ’ਤੇ ਪੈ ਰਿਹਾ ਹੈ। ਟਮਾਟਰ ਜੋ ਕਦੇ 50 ਰੁਪਏ ਪ੍ਰਤੀ ਕਿਲੋਗ੍ਰਾਮ ਵਿਚ ਵਿਕਦੇ ਸਨ, ਹੁਣ 280-300 ਰੁਪਏ ਵਿਚ ਵਿਕ ਰਹੇ ਹਨ।

ਲੋਕਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਪਹਿਲਾਂ 250 ਰੁਪਏ ਵਿਚ 5 ਕਿਲੋਗ੍ਰਾਮ ਟਮਾਟਰ ਮਿਲਦੇ ਸਨ ਪਰ ਹੁਣ ਉਹ ਮੁਸ਼ਕਿਲ ਨਾਲ ਇਕ ਕਿਲੋਗ੍ਰਾਮ ਖਰੀਦ ਸਕਦੇ ਹਨ। ਵਿਕਰੇਤਾ ਇਸ ਘਾਟ ਦਾ ਕਾਰਨ ਬਲੋਚਿਸਤਾਨ ਤੋਂ ਦੂਜੇ ਸੂਬਿਆਂ ਵਿਚ ਭੇਜੇ ਜਾ ਰਹੇ ਸਥਾਨਕ ਟਮਾਟਰਾਂ ਨੂੰ ਦੱਸ ਰਹੇ ਹਨ, ਜਦਕਿ ਕਵੇਟਾ ਇੰਪੋਰਟ ਕੀਤੇ ਈਰਾਨੀ ਟਮਾਟਰਾਂ ’ਤੇ ਨਿਰਭਰ ਕਰਦਾ ਹੈ, ਜੋ ਪਹਿਲਾਂ ਹੀ ਥੋਕ ਬਾਜ਼ਾਰ ਵਿਚ ਮਹਿੰਗੇ ਹਨ।

ਸੂਤਰਾਂ ਅਨੁਸਾਰ ਪਾਕਿਸਤਾਨ ਵਿਚ ਹੋਰ ਸਬਜ਼ੀਆਂ ਵੀ ਰਿਕਾਰਡ ਉੱਚਾਈ ’ਤੇ ਪਹੁੰਚ ਗਈਆਂ ਹਨ। ਕਵੇਟਾ ਦੇ ਬਾਜ਼ਾਰਾਂ ਵਿਚ ਨਿੰਬੂ 800 ਰੁਪਏ ਪ੍ਰਤੀ ਕਿਲੋ, ਹਰੀਆਂ ਮਿਰਚਾਂ 200 ਰੁਪਏ, ਕਰੇਲਾ 150 ਰੁਪਏ, ਲਸਣ 250 ਰੁਪਏ, ਅਦਰਕ 600 ਰੁਪਏ, ਪਿਆਜ਼ 300-350 ਰੁਪਏ, ਆਲੂ 200 ਰੁਪਏ, ਸ਼ਿਮਲਾ ਮਿਰਚ 250 ਰੁਪਏ, ਗਾਜਰ 100 ਰੁਪਏ, ਖੀਰੇ 120 ਰੁਪਏ, ਮਟਰ 400 ਰੁਪਏ, ਭਿੰਡੀ 150 ਰੁਪਏ ਅਤੇ ਬੰਦਗੋਭੀ 100 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ।


author

Rakesh

Content Editor

Related News