ਪਾਕਿਸਤਾਨੀ ਫੌਜੀਆਂ ਦੀਆਂ ਪੈਂਟਾਂ ਤੱਕ ਲੈ ਗਏ ਤਾਲਿਬਾਨ ਲੜਾਕੇ
Friday, Oct 17, 2025 - 02:30 PM (IST)

ਗੁਰਦਾਸਪੁਰ/ਕਾਬੁਲ (ਵਿਨੋਦ)- 48 ਘੰਟਿਆਂ ਦੀ ਜੰਗਬੰਦੀ ਦੇ ਬਾਵਜੂਦ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਰਿਹਾ ਹੈ। ਅਫਗਾਨਿਸਤਾਨ ਦੇ ਇਲਾਕੇ ’ਤੇ ਪਾਕਿਸਤਾਨੀ ਹਵਾਈ ਹਮਲੇ ਵਿਚ 15 ਨਾਗਰਿਕ ਮਾਰੇ ਗਏ ਸਨ। ਇਸ ਤੋਂ ਪਹਿਲਾਂ ਤਾਲਿਬਾਨ ਨੇ ਇਕ ਪਾਕਿਸਤਾਨੀ ਚੌਕੀ ’ਤੇ ਕਬਜ਼ਾ ਕਰ ਲਿਆ ਸੀ ਅਤੇ ਛੱਡੀਆਂ ਗਈਆਂ ਥਾਵਾਂ ਤੋਂ ਵਰਦੀਆਂ ਅਤੇ ਹਥਿਆਰ ਜ਼ਬਤ ਕਰ ਲਏ ਸਨ।
ਅਫਗਾਨਿਸਤਾਨ ਵਿਚ ਪੈਂਟਾਂ ਨੂੰ ਖੁੱਲ੍ਹੇਆਮ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਉੱਥੇ ਹੀ ਕਾਬੁਲ ਅਤੇ ਕੰਧਾਰ ਵਿਚ ਪਾਕਿਸਤਾਨੀ ਹਵਾਈ ਹਮਲਿਆਂ ਵਿਚ ਘੱਟੋ-ਘੱਟ 15 ਅਫਗਾਨ ਨਾਗਰਿਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖਮੀ ਹੋ ਗਏ। ਇਹ ਤਾਲਿਬਾਨ ਦੁਆਰਾ ਸਪਿਨ-ਬੋਲਦਕ ਵਿਖੇ ਇਕ ਜਵਾਬੀ ਹਮਲੇ ’ਚ ਸਰਹੱਦੀ ਚੌਕੀ ’ਤੇ ਕਬਜ਼ਾ ਕਰਨ ਤੋਂ ਬਾਅਦ ਹੋਇਆ, ਜਿਸ ਨਾਲ ਪਾਕਿਸਤਾਨੀ ਫੌਜੀਆਂ ਦੀਆਂ ਪੈਂਟਾਂ ਪਿੱਛੇ ਰਹਿ ਗਈਆਂ, ਜਿਨ੍ਹਾਂ ਨੇ ਆਪਣੀਆਂ ਚੌਕੀਆਂ ਛੱਡ ਦਿੱਤੀਆਂ ਸਨ।
ਡੁਰੰਡ ਲਾਈਨ ਨੇੜੇ ਇਕ ਛੱਡੀ ਹੋਈ ਪਾਕਿਸਤਾਨੀ ਫੌਜ ਦੀ ਚੌਕੀ ਤੋਂ ਬਰਾਮਦ ਕੀਤੀਆਂ ਖਾਲੀ ਪੈਂਟਾਂ ਅਫਗਾਨਿਸਤਾਨ ਦੇ ਪੂਰਬੀ ਨੰਗਰਹਾਰ ਸੂਬੇ ਵਿਚ ਦਿਖਾਈਆਂ ਜਾ ਰਹੀਆਂ ਹਨ। ਉੱਥੇ ਹੀ ਪਾਕਿਸਤਾਨ ਨੇ ਕਿਹਾ ਕਿ ਉਸ ਨੇ 200 ਤੋਂ ਵੱਧ ਅਫਗਾਨ ਤਾਲਿਬਾਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਮਾਰ ਦਿੱਤਾ ਹੈ, ਜਦਕਿ ਅਫਗਾਨਿਸਤਾਨ ਨੇ ਕਿਹਾ ਕਿ ਉਸ ਨੇ 58 ਪਾਕਿਸਤਾਨੀ ਫੌਜੀਆਂ ਨੂੰ ਮਾਰ ਦਿੱਤਾ ਹੈ।