ਪਾਕਿ ਫੌਜ ਮੁਖੀ ਨੇ ਕਿਹਾ- ਭਾਰਤ ਪਾਕਿਸਤਾਨ ’ਚ ਫੈਲਾ ਰਿਹਾ ਹੈ ਅੱਤਵਾਦ
Sunday, Oct 19, 2025 - 09:22 AM (IST)

ਇਸਲਾਮਾਬਾਦ, ਗੁਰਦਾਸਪੁਰ (ਏਜੰਸੀਆਂ, ਵਿਨੋਦ)- ਪਾਕਿਸਤਾਨੀ ਫੌਜ ਦੇ ਮੁਖੀ ਅਸੀਮ ਮੁਨੀਰ ਨੇ ਸ਼ਨੀਵਾਰ ਮੁੜ ਭਾਰਤ ਵਿਰੁੱਧ ਭੜਕਾਊ ਬਿਆਨ ਦਿੱਤਾ ਤੇ ਕਿਹਾ ਕਿ ਭਾਰਤ ਪਾਕਿਸਤਾਨ ’ਚ ਅੱਤਵਾਦ ਫੈਲਾ ਰਿਹਾ ਹੈ। ਪਾਕਿਸਤਾਨ ਕੋਲ ਅਜਿਹੇ ਹਥਿਆਰ ਹਨ ਜੋ ਕਿਤੇ ਵੀ ਹਮਲਾ ਕਰ ਸਕਦੇ ਹਨ। ਭਾਰਤ ਦੀ ਇਹ ਧਾਰਨਾ ਕਿ ਉਹ ਆਪਣੇ ਵੱਡੇ ਰਕਬੇ ਕਾਰਨ ਖੇਤਰ ’ਚ ਸੁਰੱਖਿਅਤ ਹੈ, ਜਲਦੀ ਹੀ ਦੂਰ ਹੋ ਜਾਵੇਗੀ। ਮੁਨੀਰ ਨੇ ਇਹ ਟਿੱਪਣੀ ਮਿਲਟਰੀ ਅਕੈਡਮੀ ’ਚ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਪ੍ਰਮਾਣੂ ਊਰਜਾ ਵਾਲੇ ਮਾਹੌਲ ’ਚ ਜੰਗ ਲਈ ਕੋਈ ਥਾਂ ਨਹੀਂ। ਜੇ ਦੋਵਾਂ ਦੇਸ਼ਾਂ ਦਰਮਿਅਾਨ ਜੰਗ ਛਿੜਦੀ ਹੈ ਤਾਂ ਪਾਕਿਸਤਾਨੀ ਫੌਜ ਦਾ ਜਵਾਬ ਉਮੀਦ ਤੋਂ ਰਿਤੇ ਵੱਧ ਹੋਵੇਗਾ ਤੇ ਉਸ ਬਾਰੇ ਹਮਲਾਵਰ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ।
ਮੁਨੀਰ ਨੇ ਕਿਹਾ ਕਿ ਆਪ੍ਰੇਸ਼ਨ ‘ਬੁਨਯਾਨ-ਉਮ-ਮਰਸੂਜ਼’ (ਭਾਰਤ ਵਿਰੁੱਧ ਸੰਘਰਸ਼) ਦੌਰਾਨ ਪਾਕਿਸਤਾਨੀ ਫੌਜ ਨੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਤੇ ਆਪਣੇ ਤੋਂ ਕਈ ਗੁਣਾ ਵੱਡੀ ਦੁਸ਼ਮਣ ਦੀ ਫੌਜ ਨੂੰ ਹਰਾਇਆ। ਅੱਲ੍ਹਾ ਦੀ ਮਦਦ ਤੇ ਲੋਕਾਂ ਦੀ ਹਮਾਇਤ ਨਾਲ ਪਾਕਿਸਤਾਨ ਨੇ ਆਪਣੀਆਂ ਸਰਹੱਦਾਂ ਦੀ ਰਾਖੀ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ। ਉਨ੍ਹਾਂ ਵਾਅਦਾ ਕੀਤਾ ਕਿ ਦੇਸ਼ ਦੀ ਜ਼ਮੀਨ ਦਾ ਇਕ ਇੰਚ ਵੀ ਕਿਸੇ ਦੁਸ਼ਮਣ ਨੂੰ ਨਹੀਂ ਦਿੱਤਾ ਜਾਵੇਗਾ। ਜ਼ਮੀਨੀ ਫੌਜ ਦੇ ਮੁਖੀ ਨੇ ਕਿਹਾ ਕਿ ਪਾਕਿਸਤਾਨੀ ਹਵਾਈ ਫੌਜ ਨੇ ਭਾਰਤੀ ਰਾਫੇਲ ਨੂੰ ਡੇਗ ਦਿੱਤਾ ਤੇ ਕਈ ਠਿਕਾਣਿਆਂ ਤੇ ਐੱਸ-400 ਮਿਜ਼ਾਈਲ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਕਸ਼ਮੀਰੀ ਲੋਕਾਂ ਦੀ ਹਮਾਇਤ ਕਰਨੀ ਜਾਰੀ ਰੱਖੇਗਾ। ਉਨ੍ਹਾਂ ਸਾਊਦੀ ਅਰਬ ਨਾਲ ਹੋਏ ਰੱਖਿਆ ਸਮਝੌਤੇ ਬਾਰੇ ਵੀ ਗੱਲ ਕੀਤੀ। ਮੁਨੀਰ ਨੇ ਅਫਗਾਨਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਉਹ ਸ਼ਾਂਤੀ ਜਾਂ ਅਰਾਜਕਤਾ ’ਚੋਂ ਇਕ ਨੂੰ ਚੁਣੋ। ਉਨ੍ਹਾਂ ਅਫਗਾਨਿਸਤਾਨ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਅਾਪਣੀ ਧਰਤੀ ਦੀ ਵਰਤੋਂ ਕਰ ਕੇ ਸਾਡੇ ’ਤੇ ਹਮਲੇ ਕਰਨ ਵਾਲੇ ਅੱਤਵਾਦੀਆਂ ਵਿਰੁੱਧ ਸਖ਼ਤ ਤੇ ਤੁਰੰਤ ਕਾਰਵਾਈ ਕਰੇ।
ਸਾਡੀ ਧਰਤੀ 25 ਕਰੋੜ ਪਾਕਿਸਤਾਨੀਆਂ ਲਈ ; ਅਫਗਾਨੀਆਂ ਨੂੰ ਭਾਰਤ ਪਾਲੇ : ਆਸਿਫ
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇਕ ਵਾਰ ਫਿਰ ਅਫਗਾਨਿਸਤਾਨ ’'ਤੇ ਤਿੱਖਾ ਹਮਲਾ ਕੀਤਾ ਹੈ। ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਰਹਿਣ ਵਾਲੇ ਸਾਰੇ ਅਫਗਾਨਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਚਾਹੀਦਾ ਹੈ। ਅਫਗਾਨਿਸਤਾਨ ਨਾਲ ਪੁਰਾਣੇ ਸਬੰਧਾਂ ਦਾ ਯੁੱਗ ਹੁਣ ਖਤਮ ਹੋ ਗਿਆ ਹੈ। ਆਸਿਫ ਨੇ ਕਿਹਾ ਕਿ ਅਫਗਾਨਿਸਤਾਨ ਤੇ ਭਾਰਤ ਦੇ ਪੁਰਾਣੇ ਸਬੰਧ ਹਨ ਪਰ ਸਾਡੇ ਨਾਲ ਉਨ੍ਹਾਂ ਦੇ ਸਬੰਧ ਕਦੇ ਵੀ ਚੰਗੇ ਨਹੀਂ ਰਹੇ। ਜੇ ਉਨ੍ਹਾਂ ਦੇ ਭਾਰਤ ਨਾਲ ਇੰਨੇ ਚੰਗੇ ਸਬੰਧ ਹਨ ਤਾਂ ਇੱਥੇ ਰਹਿਣ ਵਾਲੇ ਅਫਗਾਨ ਭਾਰਤ ਕਿਉਂ ਨਹੀਂ ਚਲੇ ਜਾਂਦੇ? ਪਾਕਿਸਤਾਨ ਉਨ੍ਹਾਂ ਦਾ ਭਾਰ ਕਿਉਂ ਚੁੱਕੇ? ਸਾਡੇ ਕੋਲ ਤਾਂ ਆਪਣੇ ਲੋਕਾਂ ਲਈ ਵੀ ਲੋੜੀਂਦੇ ਸੋਮੇ ਨਹੀਂ ਹਨ। ਅਸੀਂ ਦੋਵੇਂ ਦੇਸ਼ ਕਦੇ ਵੀ ਦੋਸਤ ਨਹੀਂ ਸੀ, ਫਿਰ ਵੀ ਅਸੀਂ ਗੁਆਂਢੀ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾਇਆ। ਭਾਰਤ ਉਨ੍ਹਾਂ ਨੂੰ ਪਾਲੇ । ਉਹ ਕਿਉਂ ਨਹੀਂ ਪਾਲਦਾ?
ਪਾਕਿਸਤਾਨੀ ਹਵਾਈ ਹਮਲੇ ’ਚ ਅਫਗਾਨ ਕਲੱਬ ਦੇ 3 ਕ੍ਰਿਕਟਰ ਮਾਰੇ ਗਏ
ਪਾਕਿਸਤਾਨੀ ਹਵਾਈ ਹਮਲੇ ’ਚ ਅਫਗਾਨ ਕਲੱਬ ਦੇ 3 ਕ੍ਰਿਕਟਰ ਮਾਰੇ ਗਏ। ਅਫਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਮਲੇ ’ਚ 14 ਅਫਗਾਨ ਨਾਗਰਿਕ ਵੀ ਮਾਰੇ ਗਏ ਤੇ 16 ਹੋਰ ਜ਼ਖਮੀ ਹੋ ਗਏ।
ਪਾਕਿਸਤਾਨ ਤੇ ਅਫਗਾਨਿਸਤਾਨ ਦਰਮਿਅਾਨ 48 ਘੰਟੇ ਦੀ ਜੰਗਬੰਦੀ ਸ਼ੁੱਕਰਵਾਰ ਸ਼ਾਮ 6 ਵਜੇ ਖਤਮ ਹੋ ਗਈ। ਇਸ ਨੂੰ ਵਧਾਉਣ ਲਈ ਇਕ ਸਮਝੌਤਾ ਹੋਇਆ ਪਰ ਕੁਝ ਘੰਟਿਆਂ ਬਾਅਦ ਹੀ ਪਾਕਿਸਤਾਨ ਨੇ ਪਕਤਿਕਾ ਸੂਬੇ ’ਚ ਇਕ ਹਵਾਈ ਹਮਲਾ ਕੀਤਾ। ਏ. ਸੀ. ਬੀ. ਨੇ ਨਵੰਬਰ ’ਚ ਪਾਕਿ ’ਚ ਹੋਣ ਵਾਲੀ ਤਿਕੋਣੀ ਟੀ-20 ਲੜੀ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਹੈ। ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਬਿਆਨ ਜਾਰੀ ਕੀਤਾ, ਜਿਸ ’ਚ ਕਿਹਾ ਗਿਆ ਹੈ ਕਿ ਹਮਲੇ ’ਚ ਖਿਡਾਰੀ ਕਬੀਰ, ਸਿਬਘਾਤੁੱਲਾ ਤੇ ਹਾਰੂਨ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਪਕਤਿਕਾ ਸੂਬੇ ਦੀ ਰਾਜਧਾਨੀ ਸ਼ਰਾਨਾ ’ਚ ਇਕ ਦੋਸਤਾਨਾ ਕ੍ਰਿਕਟ ਮੈਚ ਤੋਂ ਵਾਪਸ ਆ ਰਹੇ ਸਨ।