‘ਬੁਲਬੁਲ-ਏ-ਪਾਕਿਸਤਾਨ’ ਨਾਲ ਸਨਮਾਨਿਤ ਗਾਇਕਾ ਨਯਾਰਾ ਨੂਰ ਦਾ 71 ਸਾਲ ਦੀ ਉਮਰ ’ਚ ਦਿਹਾਂਤ

Sunday, Aug 21, 2022 - 05:19 PM (IST)

ਇਸਲਾਮਾਬਾਦ (ਵਾਰਤਾ)– ਮਸ਼ਹੂਰ ਪਾਕਿਸਤਾਨੀ ਗਾਇਕਾ ਨਯਾਰਾ ਨੂਰ ਦਾ ਦਿਹਾਂਤ ਹੋ ਗਿਆ ਹੈ। ਉਹ 71 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਐਤਵਾਰ ਨੂੰ ਗਾਇਕਾ ਦੇ ਦਿਹਾਂਤ ਬਾਰੇ ਜਾਣਕਾਰੀ ਦਿੱਤੀ। ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ।

ਉਹ ਕਿਸੇ ਬੀਮਾਰੀ ਦਾ ਸ਼ਿਕਾਰ ਸਨ, ਜਿਸ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਉਨ੍ਹਾਂ ਦੇ ਦਿਹਾਂਤ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਆਪਣੇ ਟਵੀਟ ’ਚ ਕਿਹਾ ਕਿ ਉਨ੍ਹਾਂ ਦਾ ਦਿਹਾਂਤ ਸੰਗੀਤ ਦੀ ਦੁਨੀਆ ਲਈ ਇਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਨੂਰ ਦਾ ਜਨਮ 3 ਨਵੰਬਰ, 1950 ਨੂੰ ਅਸਮ ’ਚ ਹੋਇਆ ਸੀ। ਉਹ ਜਦੋਂ 7 ਸਾਲਾਂ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ। ਉਨ੍ਹਾਂ ਨੇ ਕਾਫੀ ਛੋਟੀ ਉਮਰ ’ਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਪਹਿਲਾ ਮੌਕਾ 1968 ’ਚ ਰੇਡੀਓ ਪਾਕਿਸਤਾਨ ’ਤੇ ਮਿਲਿਆ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਯਾਦ 'ਚ ਇਸ ਕਲਾਕਾਰ ਨੇ ਬਣਾਏ ਟਰੈਕਟਰ-5911 ਦੇ ਮਾਡਲ, ਦਿੱਤੀ ਸ਼ਰਧਾਂਜਲੀ

ਨੂਰ ਨੇ ਸੰਗੀਤ ਦੀ ਕੋਈ ਸਿੱਖਿਆ ਨਹੀਂ ਲਈ। ਪਾਕਿਸਤਾਨ ’ਚ ਉਨ੍ਹਾਂ ਦੀ ਗਿਣਤੀ ਚੰਗੇ ਪਲੇਬੈਕ ਗਾਇਕਾਂ ’ਚ ਹੁੰਦੀ ਸੀ। ਉਨ੍ਹਾਂ ਦੇ ਪਰਿਵਾਰ ’ਚ ਪਤੀ ਸ਼ੇਅਰਯਾਰ ਜੈਦੀ ਤੇ ਦੋ ਪੁੱਤਰ ਹਨ। ਗਾਇਕਾ ਨੂੰ ਸਾਲ 2006 ’ਚ ਪ੍ਰਾਈਡ ਆਫ ਪਰਫਾਰਮੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਨ੍ਹਾਂ ਨੇ 2012 ’ਚ ਗਾਉਣਾ ਬੰਦ ਕਰ ਦਿੱਤਾ ਸੀ। ਉਨ੍ਹਾਂ ਨੂੰ ਗਾਇਕੀ ਲਈ ਪਾਕਿਸਤਾਨ ’ਚ ਰਾਸ਼ਟਰੀ ਪੱਧਰ ਦੇ ਸੰਮੇਲਨ ’ਚ 3 ਵਾਰ ਗੋਲਡ ਮੈਡਲ ਹਾਸਲ ਹੋ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ‘ਘਰਾਣਾ’ (1973) ਲਈ ਪਾਕਿਸਤਾਨ ਦੇ ਨਿਗਾਰ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News