ਨਿਊਜ਼ੀਲੈਂਡ ''ਤੇ ਪਾਕਿਸਤਾਨ ਦੀ ਵੱਡੀ ਜਿੱਤ, ਵਨਡੇ ਰੈਂਕਿੰਗ ''ਚ ਹਾਸਲ ਕੀਤਾ ਪਹਿਲਾ ਸਥਾਨ

Saturday, May 06, 2023 - 10:31 AM (IST)

ਕਰਾਚੀ (ਬਿਊਰੋ) — ਕਪਤਾਨ ਬਾਬਰ ਆਜ਼ਮ ਦੇ ਸੈਂਕੜੇ ਦੀ ਮਦਦ ਨਾਲ ਪਾਕਿਸਤਾਨ ਨੇ ਚੌਥੇ ਵਨਡੇ 'ਚ ਨਿਊਜ਼ੀਲੈਂਡ ਨੂੰ 102 ਦੌੜਾਂ ਨਾਲ ਹਰਾ ਕੇ ਕਲੀਨ ਸਵੀਪ ਵੱਲ ਮਜ਼ਬੂਤ ​​ਕਦਮ ਪੁੱਟਦੇ ਹੋਏ ਵਨਡੇ 'ਚ ਨੰਬਰ ਇਕ ਰੈਂਕਿੰਗ ਵੀ ਹਾਸਲ ਕਰ ਲਈ ਹੈ। ਬਾਬਰ ਨੇ 117 ਗੇਂਦਾਂ 'ਚ 107 ਦੌੜਾਂ ਬਣਾਈਆਂ, ਜੋ ਵਨਡੇ 'ਚ ਉਸ ਦਾ 18ਵਾਂ ਸੈਂਕੜਾ ਹੈ। ਉਸ ਦੀ ਪਾਰੀ ਦੀ ਬਦੌਲਤ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ 'ਤੇ 334 ਦੌੜਾਂ ਬਣਾਈਆਂ। ਜਵਾਬ 'ਚ ਨਿਊਜ਼ੀਲੈਂਡ ਦੀ ਟੀਮ 232 ਦੌੜਾਂ 'ਤੇ ਆਊਟ ਹੋ ਗਈ।

PunjabKesari

ਇਹ ਨਿਊਜ਼ੀਲੈਂਡ ਦਾ ਸੀਰੀਜ਼ 'ਚ ਸਭ ਤੋਂ ਘੱਟ ਸਕੋਰ ਹੈ। ਇਸ ਜਿੱਤ ਨਾਲ ਪਾਕਿਸਤਾਨ ਨੇ ਪੰਜ ਮੈਚਾਂ ਦੀ ਸੀਰੀਜ਼ 'ਚ 4-0 ਦੀ ਬੜ੍ਹਤ ਬਣਾ ਲਈ ਹੈ। ਉਹ ਆਸਟ੍ਰੇਲੀਆ ਨੂੰ ਪਛਾੜ ਕੇ ਆਈ. ਸੀ. ਸੀ. ਵਨਡੇ ਰੈਂਕਿੰਗ ਦੇ ਸਿਖਰ 'ਤੇ ਪਹੁੰਚ ਗਿਆ ਹੈ। ਵਨਡੇ ਰੈਂਕਿੰਗ 'ਚ ਭਾਰਤ ਤੀਜੇ ਸਥਾਨ 'ਤੇ ਹੈ। ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਪੰਜਵਾਂ ਅਤੇ ਆਖ਼ਰੀ ਵਨਡੇ ਐਤਵਾਰ ਨੂੰ ਖੇਡਿਆ ਜਾਵੇਗਾ। ਬਾਬਰ ਨੇ ਮੈਚ ਤੋਂ ਬਾਅਦ ਕਿਹਾ, ''ਦੁਨੀਆ ਦੀ ਨੰਬਰ ਇਕ ਟੀਮ ਬਣਨ ਦਾ ਸਿਹਰਾ ਪੂਰੀ ਟੀਮ ਅਤੇ ਸਪੋਰਟ ਸਟਾਫ ਨੂੰ ਜਾਂਦਾ ਹੈ।''

PunjabKesari

ਪਾਕਿਸਤਾਨ ਦਾ ਸਕੋਰ 25ਵੇਂ ਓਵਰ 'ਚ ਤਿੰਨ ਵਿਕਟਾਂ ’ਤੇ 128 ਦੌੜਾਂ ਸੀ। ਇਸ ਤੋਂ ਬਾਅਦ ਬਾਬਰ ਅਤੇ ਆਗਾ ਸਲਮਾਨ (58) ਨੇ ਚੌਥੀ ਵਿਕਟ ਲਈ 117 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਾਹੀਨ ਸ਼ਾਹ ਅਫਰੀਦੀ (ਅਜੇਤੂ 23) ਅਤੇ ਮੁਹੰਮਦ ਹੈਰਿਸ (ਅਜੇਤੂ 17) ਨੇ ਆਖਰੀ ਦੋ ਓਵਰਾਂ 'ਚ 38 ਦੌੜਾਂ ਬਣਾਈਆਂ। ਇਸ ਕਾਰਨ ਪਾਕਿਸਤਾਨ ਮਜ਼ਬੂਤ ​​ਸਕੋਰ ਬਣਾਉਣ 'ਚ ਕਾਮਯਾਬ ਰਿਹਾ। ਨਿਊਜ਼ੀਲੈਂਡ ਲਈ ਮੈਟ ਹੈਨਰੀ ਨੇ 65 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਬਾਬਰ ਨੂੰ ਆਪਣਾ ਪਹਿਲਾ ਵਨਡੇ ਮੈਚ ਖੇਡਦੇ ਹੋਏ ਬੇਨ ਲਿਸਟਰ ਨੇ ਆਊਟ ਕੀਤਾ, ਜੋ ਵਨਡੇ 'ਚ ਉਸ ਦੀ ਪਹਿਲੀ ਵਿਕਟ ਵੀ ਸੀ।

PunjabKesari

ਆਪਣੀ ਇਸ ਪਾਰੀ ਦੌਰਾਨ ਬਾਬਰ ਨੇ ਵਨਡੇ 'ਚ 5000 ਦੌੜਾਂ ਵੀ ਪੂਰੀਆਂ ਕੀਤੀਆਂ। ਉਸ ਨੇ 97 ਪਾਰੀਆਂ 'ਚ ਇਹ ਉਪਲਬਧੀ ਹਾਸਲ ਕਰਕੇ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਦਾ ਰਿਕਾਰਡ ਤੋੜਿਆ, ਜਿਸ ਨੇ 101 ਪਾਰੀਆਂ 'ਚ ਇਹ ਉਪਲਬਧੀ ਹਾਸਲ ਕੀਤੀ। ਵੱਡੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦਾ ਸਕੋਰ ਵੀ 26 ਓਵਰਾਂ ਬਾਅਦ ਤਿੰਨ ਵਿਕਟਾਂ 'ਤੇ 129 ਦੌੜਾਂ ਸੀ। ਉਨ੍ਹਾਂ ਦੀ ਤਰਫੋਂ ਕਪਤਾਨ ਟਾਮ ਲੈਥਮ ਨੇ ਸਭ ਤੋਂ ਵੱਧ 60 ਦੌੜਾਂ ਬਣਾਈਆਂ ਜਦਕਿ ਮਾਰਕ ਚੈਪਮੈਨ ਨੇ 46 ਦੌੜਾਂ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਨੇ ਆਪਣੀਆਂ ਆਖਰੀ ਸੱਤ ਵਿਕਟਾਂ 48 ਦੌੜਾਂ 'ਤੇ ਗੁਆ ਦਿੱਤੀਆਂ। ਪਾਕਿਸਤਾਨ ਲਈ ਲੈੱਗ ਸਪਿਨਰ ਉਸਮਾਨ ਮੀਰ ਨੇ 43 ਦੌੜਾਂ ਦੇ ਕੇ ਚਾਰ ਵਿਕਟਾਂ ਅਤੇ ਮੁਹੰਮਦ ਵਸੀਮ ਨੇ 40 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News