ਪਾਕਿ ਪੁਲਸ ਸਿਖਲਾਈ ਕੇਂਦਰ ’ਤੇ ਹਮਲਾ, 6 ਅੱਤਵਾਦੀਆਂ ਅਤੇ 7 ਪੁਲਸ ਮੁਲਾਜ਼ਮਾਂ ਦੀ ਮੌਤ
Sunday, Oct 12, 2025 - 03:13 PM (IST)

ਪਿਸ਼ਾਵਰ (ਭਾਸ਼ਾ)- ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਪੁਲਸ ਸਿਖਲਾਈ ਕੇਂਦਰ ’ਤੇ ਆਤਮਘਾਤੀ ਹਮਲੇ ਤੋਂ ਬਾਅਦ 5 ਘੰਟੇ ਚੱਲੇ ਮੁਕਾਬਲੇ ਵਿਚ 6 ਅੱਤਵਾਦੀ ਅਤੇ 7 ਪੁਲਸ ਮੁਲਾਜ਼ਮ ਮਾਰੇ ਗਏ।
ਡੇਰਾ ਇਸਮਾਈਲ ਖਾਨ ਜ਼ਿਲੇ ’ਚ ਰੱਤਾ ਕੁਲਾਚੀ ਪੁਲਸ ਸਿਖਲਾਈ ਸਕੂਲ ’ਤੇ ਹਮਲੇ ਤੋਂ ਬਾਅਦ ਪੁਲਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿਚ ਪਹਿਲਾਂ 3 ਅੱਤਵਾਦੀ ਮਾਰੇ ਗਏ ਅਤੇ ਕੁਝ ਹੋਰ ਅੱਤਵਾਦੀ ਕੰਪਲੈਕਸ ਦੇ ਅੰਦਰ ਲੁਕੇ ਹੋਣ ਦੀ ਖ਼ਬਰ ਸੀ। ਅੱਤਵਾਦੀਆਂ ਨੂੰ ਖਦੇੜਨ ਲਈ ਸ਼ੁੱਕਰਵਾਰ ਦੇਰ ਰਾਤ ਸ਼ੁਰੂ ਕੀਤੇ ਗਏ ਇਕ ਆਪ੍ਰੇਸ਼ਨ ਦੌਰਾਨ 3 ਹੋਰ ਅੱਤਵਾਦੀ ਮਾਰੇ ਗਏ ਅਤੇ 6 ਪੁਲਸ ਮੁਲਾਜ਼ਮਾਂ ਦੀ ਵੀ ਮੌਤ ਹੋ ਗਈ।
ਇਸ ਤੋਂ ਪਹਿਲਾਂ, ਇਕ ਪੁਲਸ ਮੁਲਾਜ਼ਮ ਦੇ ਮਾਰੇ ਜਾਣ ਦੀ ਖ਼ਬਰ ਮਿਲੀ ਸੀ। ਇਸ ਨਾਲ ਹਮਲੇ ਵਿਚ ਮਾਰੇ ਗਏ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ 7 ਹੋ ਗਈ ਹੈ, ਜਦੋਂ ਕਿ 13 ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਸਿਖਲਾਈ ਪ੍ਰਾਪਤ ਰੰਗਰੂਟਾਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਗਿਆ ਹੈ। ਇਸ ਕਾਰਵਾਈ ਵਿਚ ਐੱਸ. ਐੱਸ. ਜੀ. ਕਮਾਂਡੋ, ਅਲ-ਬੁਰਕ ਫੋਰਸ, ਏਲੀਟ ਫੋਰਸ ਅਤੇ ਪੁਲਸ ਕਰਮਚਾਰੀ ਸ਼ਾਮਲ ਸਨ।