ਬੰਗਾਲੀਆਂ ’ਤੇ ਵਿਵਾਦਿਤ ਟਿੱਪਣੀ ਕਰ ਮੁਸ਼ਕਿਲਾਂ ’ਚ ਘਿਰੇ ਪਰੇਸ਼ ਰਾਵਲ, ਪੁਲਸ ਨੇ ਕੀਤਾ ਤਲਬ

Wednesday, Dec 07, 2022 - 11:30 AM (IST)

ਬੰਗਾਲੀਆਂ ’ਤੇ ਵਿਵਾਦਿਤ ਟਿੱਪਣੀ ਕਰ ਮੁਸ਼ਕਿਲਾਂ ’ਚ ਘਿਰੇ ਪਰੇਸ਼ ਰਾਵਲ, ਪੁਲਸ ਨੇ ਕੀਤਾ ਤਲਬ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਤੇ ਬੀ. ਜੇ. ਪੀ. ਨੇਤਾ ਪਰੇਸ਼ ਰਾਵਲ ਆਪਣੀ ਬੰਗਾਲੀਆਂ ’ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਮੁਸ਼ਕਿਲਾਂ ’ਚ ਘਿਰ ਗਏ ਹਨ। ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਕੋਲਕਾਤਾ ਪੁਲਸ ਨੇ ਪਰੇਸ਼ ਰਾਵਲ ਨੂੰ ਪੁੱਛਗਿੱਛ ਲਈ ਸੱਦਿਆ ਹੈ।

ਜਾਣਕਾਰੀ ਮੁਤਾਬਕ ਪੁਲਸ ਨੇ ਬਾਲੀਵੁੱਡ ਅਦਾਕਾਰ ਨੂੰ 12 ਦਸੰਬਰ ਨੂੰ ਦੁਪਹਿਰ 2 ਵਜੇ ਤਕ ਕੋਲਕਾਤਾ ਦੇ ਤਲਤਲਾ ਪੁਲਸ ਥਾਣੇ ਦੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਸੂਤਰਾਂ ਮੁਤਾਬਕ ਪੁਲਸ ਨੇ ਪਰੇਸ਼ ਰਾਵਲ ਨੂੰ ਸੀ. ਆਰ. ਪੀ. ਸੀ. ਦੀ ਧਾਰਾ 41 ਏ ਤਹਿਤ ਨੋਟਿਸ ਭੇਜਿਆ ਹੈ। ਸੀ. ਪੀ. ਆਈ. (ਐੱਮ.) ਦੇ ਸੂਬਾ ਸਕੱਤਰ ਮੁਹੰਮਦ ਸਲੀਮ ਵਲੋਂ ਸ਼ਿਕਾਇਤ ਤੋਂ ਬਾਅਦ ਪਰੇਸ਼ ਰਾਵਲ ’ਤੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲ ਦਰਜ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮੂਸੇਵਾਲਾ ਕਤਲਕਾਂਡ 'ਚ ਬੱਬੂ ਮਾਨ ਨੂੰ ਪੁਲਸ ਨੇ ਸੱਦਿਆ !

ਵਾਮ ਨੇਤਾ ਨੇ ਦੋਸ਼ ਲਗਾਇਆ ਕਿ ਪਰੇਸ਼ ਰਾਵਲ ਨੇ ਗੁਜਰਾਤ ’ਚ ਬੀ. ਜੇ. ਪੀ. ਦੀ ਚੋਣ ਰੈਲੀ ਦੌਰਾਨ ਬੰਗਾਲੀ ਭਾਈਚਾਰੇ ਖ਼ਿਲਾਫ਼ ਭੜਕਾਊ ਭਾਸ਼ਣ ਦਿੱਤਾ ਸੀ। ਗੁਜਰਾਤ ਦੇ ਵਲਸਾਡ ’ਚ ਪਰੇਸ਼ ਰਾਵਲ ਨੇ ਗੁਜਰਾਤੀ ਭਾਸ਼ਾ ’ਚ ਲੋਕਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਮਹਿੰਗੇ ਗੈਸ ਸਿਲੰਡਰ ਤੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸਰਕਾਰ ਵਲੋਂ ਸਫਾਈ ਦੇਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਪਰੇਸ਼ ਨੇ ਕਿਹਾ, ‘‘ਗੈਸ ਸਿਲੰਡਰ ਮਹਿੰਗਾ ਹੈ ਪਰ ਇਹ ਸਸਤਾ ਹੋ ਜਾਵੇਗਾ। ਲੋਕਾਂ ਨੂੰ ਰੁਜ਼ਗਾਰ ਵੀ ਮਿਲ ਜਾਵੇਗਾ ਪਰ ਕੀ ਹੋਵੇਗਾ ਜਦੋਂ ਰੋਹਿੰਗਿਆ ਮੁਸਲਿਮ ਤੇ ਬੰਗਲਾਦੇਸ਼ੀ ਤੁਹਾਡੇ ਆਲੇ-ਦੁਆਲੇ ਰਹਿਣ ਲੱਗਣਗੇ। ਜਿਵੇਂ ਕਿ ਦਿੱਲੀ ’ਚ ਹੋ ਰਿਹਾ ਹੈ। ਉਦੋਂ ਤੁਸੀਂ ਗੈਸ ਸਿਲੰਡਰ ਦਾ ਕੀ ਕਰੋਗੇ? ਬੰਗਾਲੀਆਂ ਲਈ ਮੱਛੀ ਪਕਾਓਗੇ?’’

ਪੱਛਮੀ ਬੰਗਾਲ ਦੇ ਨੇਤਾਵਾਂ ਨੇ ਪਰੇਸ਼ ਰਾਵਲ ਦੀ ਟਿੱਪਣੀ ਦੀ ਨਿੰਦਿਆ ਕੀਤੀ ਹੈ। ਹਾਲਾਂਕਿ ਇਸ ਤੋਂ ਬਾਅਦ ਪਰੇਸ਼ ਰਾਵਲ ਨੇ ਮੁਆਫ਼ੀ ਵੀ ਮੰਗੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News