ਓਮਾਨ : ਸੜਕ ਹਾਦਸੇ 'ਚ ਭਾਰਤੀ ਜੋੜੇ ਦੀ ਬੱਚੇ ਸਮੇਤ ਮੌਤ

9/15/2019 4:57:27 PM

ਮਸਕਟ (ਭਾਸ਼ਾ)— ਓਮਾਨ ਵਿਚ ਵਾਪਰੇ ਇਕ ਕਾਰ ਹਾਦਸੇ ਵਿਚ ਭਾਰਤੀ ਜੋੜੇ ਦੀ 8 ਮਹੀਨੇ ਦੇ ਬੇਟੇ ਸਮੇਤ ਮੌਤ ਹੋ ਗਈ। ਜਦਕਿ ਇਕ ਹੋਰ ਬੱਚਾ ਗੰਭੀਰ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੁਬਈ ਦੇ ਭਾਰਤੀ ਵਣਜ ਦੂਤਘਰ ਨੇ ਦੱਸਿਆ ਕਿ ਇਹ ਪਰਿਵਾਰ ਜਦੋਂ ਸਲਾਲਾਹ ਤੋਂ ਦੁਬਈ ਪਰਤ ਰਿਹਾ ਸੀ ਉਦੋਂ ਉਨ੍ਹਾਂ ਦੀ ਕਾਰ ਇਕ ਹੋਰ ਗੱਡੀ ਨਾਲ ਟਕਰਾ ਗਈ। ਕਾਰ ਵਿਚ ਸਵਾਰ ਸਾਰੇ ਲੋਕਾਂ ਦੇ ਸਿਰ ਵਿਚ ਡੂੰਘੀ ਸੱਟ ਲੱਗੀ, ਜਿਸ ਕਾਰਨ 30 ਸਾਲਾ ਘੌਸੁੱਲਾ ਅਜ਼ਮਾਥੁੱਲਾ ਖਾਨ (Ghousulla Azmathulla Khan), ਉਸ ਦੀ 29 ਸਾਲਾ ਪਤਨੀ ਆਯਸ਼ਾ ਸਿੱਦੀਕੀ ਅਤੇ 8 ਮਹੀਨੇ ਦੇ ਬੇਟੇ ਹਮਜ਼ਾ ਖਾਨ (Hamza Khan) ਦੀ ਮੌਕੇ 'ਤੇ ਹੀ ਮੌਤ ਹੋ ਗਈ। 

 

ਜਦਕਿ 3 ਮਹੀਨੇ ਦੀ ਬੱਚੀ ਹਨੀਆ ਸਿੱਦੀਕੀ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਭਾਰਤੀ ਵਣਜ ਦੂਤਘਰ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਐਤਵਾਰ ਸਵੇਰੇ ਮਸਕਟ ਤੋਂ ਉਨ੍ਹਾਂ ਦੇ ਗ੍ਰਹਿ ਨਗਰ ਹੈਦਰਾਬਾਦ ਭੇਜ ਦਿੱਤੀਆਂ ਗਈਆਂ ਹਨ। ਦੁਬਈ ਦੇ ਕੌਂਸਲ ਜਨਰਲ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਅਸੀਂ ਘੌਸੁੱਲਾ ਦੀ ਕੰਪਨੀ, ਪਰਿਵਾਰ ਦੇ ਰਿਸ਼ਤੇਦਾਰਾਂ ਅਤੇ ਮਸਕਟ ਵਿਚ ਆਪਣੇ ਮਿਸ਼ਨ ਦੇ ਸੰਪਰਕ ਵਿਚ ਹਾਂ।''


Vandana

Edited By Vandana