ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ’ਚ ਫਰਾਰ ਮੁਲਜ਼ਮ ਦਾ ਪਤਾ ਲਾਏ ED : ਸੁਪਰੀਮ ਕੋਰਟ

Wednesday, Nov 05, 2025 - 08:43 PM (IST)

ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ’ਚ ਫਰਾਰ ਮੁਲਜ਼ਮ ਦਾ ਪਤਾ ਲਾਏ ED : ਸੁਪਰੀਮ ਕੋਰਟ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਮਹਾਦੇਵ ਸੱਟੇਬਾਜ਼ੀ ਐਪ ਦੇ ਸਹਿ-ਸੰਸਥਾਪਕ ਰਵੀ ਉੱਪਲ ਦਾ ਪਤਾ ਲਾਉਣ ਅਤੇ ਉਸ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਹੈ। ਉਹ ਦੁਬਈ ਤੋਂ ਭੱਜ ਕੇ ਕਿਸੇ ਅਣਜਾਣ ਸਥਾਨ ’ਤੇ ਚਲਾ ਗਿਆ ਹੈ। ਅਦਾਲਤ ਨੇ ਕਿਹਾ ਕਿ ਸਫੇਦਪੋਸ਼ ਅਪਰਾਧ ਦੇ ਮੁਲਜ਼ਮਾਂ ਲਈ ਅਦਾਲਤਾਂ ਅਤੇ ਜਾਂਚ ਏਜੰਸੀਆਂ ਨੂੰ ‘ਖਿਡੌਣਾ ਬਣਾਉਣ’ ਨਹੀਂ ਦਿੱਤਾ ਜਾ ਸਕਦਾ।

ਜਸਟਿਸ ਐੱਮ. ਐੱਮ. ਸੁੰਦਰੇਸ਼ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਮੁਲਜ਼ਮ ਉੱਪਲ ਦੇ ਕਾਨੂੰਨ ਤੋਂ ਬਚਣ ’ਤੇ ਗੰਭੀਰ ਨਾਰਾਜ਼ਗੀ ਪ੍ਰਗਟਾਈ ਅਤੇ ਕਿਹਾ, ‘‘ਇਹ ਅਦਾਲਤ ਦੇ ਵਿਵੇਕ ਨੂੰ ਝਿੰਜੋੜਦਾ ਹੈ, ਹੁਣ ਕੁਝ ਕਰਨਾ ਹੀ ਹੋਵੇਗਾ।’’ ਦੱਸਿਆ ਜਾਂਦਾ ਹੈ ਕਿ ਭਾਰਤ ’ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਬਚ ਰਿਹਾ ਉੱਪਲ ਦੁਬਈ ਤੋਂ ਕਿਸੇ ਅਣਜਾਣ ਥਾਂ ’ਤੇ ਦੌੜ ਗਿਆ ਹੈ, ਜਿਸ ਕਾਰਨ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆਂ ਨੇ ਉਸ ਦੀ ਹਵਾਲਗੀ ਪ੍ਰਕਿਰਿਆ ਰੋਕ ਦਿੱਤੀ।

ਅਦਾਲਤ ਨੇ ਕਿਹਾ, ‘‘ਅਜਿਹੇ ਮੁਲਜ਼ਮਾਂ ਲਈ ਅਦਾਲਤਾਂ ਅਤੇ ਏਜੰਸੀਆਂ ਖਿਡੌਣਾ ਨਹੀਂ ਹਨ। ਈ. ਡੀ. ਉਸ ਨੂੰ ਛੇਤੀ ਲੱਭੇ ਅਤੇ ਗ੍ਰਿਫਤਾਰ ਕਰੇ।’’ ਚੋਟੀ ਦੀ ਅਦਾਲਤ ਉੱਪਲ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ’ਚ ਉਸ ਨੇ ਛੱਤੀਸਗੜ੍ਹ ਹਾਈ ਕੋਰਟ ਦੇ 22 ਮਾਰਚ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ਉਸ ਨੂੰ ਰਾਏਪੁਰ ਦੀ ਹੇਠਲੀ ਅਦਾਲਤ ’ਚ ਪੈਂਡਿੰਗ ਮਨੀ ਲਾਂਡਰਿੰਗ ਮਾਮਲੇ ਦੀ ਸੁਣਵਾਈ ’ਚ ਸ਼ਾਮਲ ਹੋਣ ਦਾ ਹੁਕਮ ਦਿੱਤਾ ਸੀ। ਈ. ਡੀ. ਵੱਲੋਂ ਪੇਸ਼ ਐਡੀਸ਼ਨਲ ਸਾਲਿਸਟਰ ਜਨਰਲ ਐੱਸ. ਵੀ. ਰਾਜੂ ਨੇ ਅਦਾਲਤ ਨੂੰ ਦੱਸਿਆ ਕਿ ਉੱਪਲ 2023 ’ਚ ਦੁਬਈ ’ਚ ਹਿਰਾਸਤ ’ਚ ਸੀ ਪਰ ਹੁਣ ਉੱਥੋਂ ਦੌੜ ਗਿਆ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਆਰਥਕ ਅਪਰਾਧੀ ਅਕਸਰ ਉਨ੍ਹਾਂ ਦੇਸ਼ਾਂ ’ਚ ਲੁਕ ਜਾਂਦੇ ਹਨ ਜਿਨ੍ਹਾਂ ਨਾਲ ਭਾਰਤ ਦੀ ਹਵਾਲਗੀ ਸੰਧੀ ਨਹੀਂ ਹੈ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 14 ਨਵੰਬਰ ਲਈ ਨਿਰਧਾਰਤ ਕਰ ਦਿੱਤੀ, ਕਿਉਂਕਿ ਉਸ ਦੇ ਵਕੀਲ ਨੇ ਸਮਾਂ ਮੰਗਿਆ ਸੀ।


author

Hardeep Kumar

Content Editor

Related News