ਯਰੂਸ਼ਲਮ ਦੇ ਬਾਹਰ ਹੋਟਲ ’ਚ 2 ਲੋਕਾਂ ’ਤੇ ਚਾਕੂ ਨਾਲ ਹਮਲਾ
Saturday, Sep 13, 2025 - 02:52 PM (IST)

ਯਰੂਸ਼ਲਮ (ਅਨਸ)- ਯਰੂਸ਼ਲਮ ਦੇ ਬਾਹਰ ਇਕ ਹੋਟਲ ਵਿਚ ਸ਼ੁੱਕਰਵਾਰ ਨੂੰ ਇਕ ਫਿਲਸਤੀਨੀ ਕਰਮਚਾਰੀ ਨੇ 2 ਮਹਿਮਾਨਾਂ ਨੂੰ ਚਾਕੂ ਮਾਰ ਦਿੱਤਾ, ਜਿਸਨੂੰ ਇਜ਼ਰਾਈਲੀ ਪੁਲਸ ਨੇ ਅੱਤਵਾਦੀ ਹਮਲਾ ਦੱਸਿਆ ਹੈ।
ਇਸ ਹਫ਼ਤੇ ਖੇਤਰ ਵਿਚ ਇਹ ਦੂਜਾ ਹਮਲਾ ਹੈ। ਪੁਲਸ ਅਨੁਸਾਰ ਕਰਮਚਾਰੀ ਇਕ ਹੋਟਲ ਦੀ ਰਸੋਈ ਵਿਚੋਂ ਬਾਹਰ ਆਇਆ ਅਤੇ ਡਾਇਨਿੰਗ ਰੂਮ ਵਿਚ ਦੋ ਮਹਿਮਾਨਾਂ ਨੂੰ ਚਾਕੂ ਮਾਰ ਦਿੱਤਾ। ਇਸ ਵਿਚ ਕਿਹਾ ਗਿਆ ਹੈ ਕਿ ਇਕ ਪੁਲਸ ਅਧਿਕਾਰੀ ਅਤੇ ਹੋਟਲ ਮੈਨੇਜਰ ਹਮਲਾਵਰ ਨਾਲ ਉਦੋਂ ਤਕ ਲੜਦੇ ਰਹੇ ਜਦੋਂ ਤਕ ਹੋਰ ਅਧਿਕਾਰੀ ਨਹੀਂ ਪਹੁੰਚੇ ਅਤੇ ਉਸਨੂੰ ਗ੍ਰਿਫਤਾਰ ਨਹੀਂ ਕਰ ਲਿਆ।
ਪੁਲਸ ਨੇ ਕਿਹਾ ਕਿ ਉਨ੍ਹਾਂ ਨੇ 50 ਅਤੇ 25 ਸਾਲ ਦੀ ਉਮਰ ਦੇ 2 ਲੋਕਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ। ਪੁਲਸ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਨੂੰ ਚਾਕੂ ਮਾਰਿਆ ਗਿਆ ਹੈ ਅਤੇ ਇਕ ਵਿਅਕਤੀ ਦੀ ਹਾਲਤ ਗੰਭੀਰ ਹੈ। ਇਜ਼ਰਾਈਲੀ ਪੁਲਸ ਨੇ ਹਮਲੇ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ 3 ਸ਼ੱਕੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।