ਜਗਬਾਣੀ ਸੈਰ-ਸਪਾਟਾ ਵਿਸ਼ੇਸ਼-8 : ਇਕ ਜੰਨਤ ਦੀ ਸੈਰ ‘ਨਿਊਜ਼ੀਲੈਂਡ’ (ਤਸਵੀਰਾਂ)

Wednesday, May 13, 2020 - 04:32 PM (IST)

ਜਗਬਾਣੀ ਸੈਰ-ਸਪਾਟਾ ਵਿਸ਼ੇਸ਼-8 : ਇਕ ਜੰਨਤ ਦੀ ਸੈਰ ‘ਨਿਊਜ਼ੀਲੈਂਡ’ (ਤਸਵੀਰਾਂ)

ਨਰੇਸ਼ ਕੁਮਾਰੀ

ਭੂਗੋਲਿਕ ਸਥਿਤੀ ਅਤੇ ਵਾਤਾਵਰਨ: 

ਨਿਊਜ਼ੀਲੈਂਡ ਨੂੰ ਜੇਕਰ ਇਕ ਪਰੀ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਨਸਾਨਾਂ ਦੁਆਰਾ ਨਿਰਮਿਤ ਇਮਾਰਤਾਂ ਤੋਂ ਲੈਕੇ ਕੁਦਰਤੀ ਨਜ਼ਾਰਿਆਂ ਤੱਕ ਸਾਰੇ ਹੀ ਸੱਜ ਵਿਆਹੀ ਦੁਲਹਨ ਦੀ ਕਿਆਸ ਕਰਵਾਉਂਦੇ ਹਨ। ਇਕ-ਇਕ ਚੀਜ਼ ਨੂੰ ਆਪਣੇ ਅੰਦਰ ਸਮੋਅ ਲੈਣ ਨੂੰ ਜੀਅ ਕਰਦਾ ਹੈ। ਨਿਊਜ਼ੀਲੈਂਡ ਇਕ ਟਾਪੂ ’ਤੇ ਬਹੁਤ ਹੀ ਛੋਟਾ ਜਿਹਾ ਦੇਸ਼ ਹੈ। ਇਸਦਾ ਖੇਤਰਫਲ ਕੁਲ ਮਿਲਾਕੇ ਪੰਜਾਬ ਕੁ ਜਿੰਨਾ ਹੋਵੇਗਾ। ਨਕਸ਼ੇ ਵਿਚ ਇਹ ਲੰਬਾਈ ਦੇ ਰੁਖ, ਆਸਟ੍ਰੇਲੀਆ ਦੇ ਦੱਖਣ ਪੂਰਬ ਵਿਚ ਸਥਿੱਤ ਹੈ, ਜੋ ਚਾਰੇ ਪਾਸਿਓਂ ਸਮੁੰਦਰ ਨਾਲ ਘਿਰਿਆ ਹੈ। ਇਹ ਇਕ ਨਦੀ ਰਾਹੀਂ ਦੋ ਹਿੱਸਿਆਂ ਵਿੱਚ ਵੰਡਿਆ ਹੈ, ਉੱਤਰੀ ਤੇ ਦੱਖਣੀ ਨਿਊਜ਼ੀਲੈਂਡ। ਧਰਾਤਲ ਦੇ ਅਧਾਰ ’ਤੇ, ਜ਼ਮੀਨ ਸਮਤਲ ਨਹੀਂ ਸਗੋਂ ਪਹਾੜੀ ਹੈ। ਇਸਦਾ ਧਰਾਤਲ, ਇਸਦੀ ਖੂਬਸੂਰਤੀ ਨੂੰ ਪਹਾੜਾਂ, ਜੰਗਲਾਂ ਝਰਨਿਆਂ ਅਤੇ ਕੁਦਰਤ ਦੇ ਅਦੁੱਤੀ ਨਜ਼ਾਰਿਆਂ ਕਾਰਨ ਸਵਰਗ ਦੀ ਇਕ ਝਲਕ ਪ੍ਰਦਾਨ ਕਰਦਾ ਹੈ। ਜਿਧਰ ਨਜ਼ਰ ਮਾਰੋ ਹਰਿਆਲੀ ਹਰਿਆਲੀ, ਨਜ਼ਰਾਂ ਨੂੰ ਬੰਨ੍ਹ ਹੀ ਲੈਂਦੀ ਹੈ। ਦਿਲ ਕਰਦਾ ਹੈ ਕਾਸ਼!ਮੇਰੀ ਬੁੱਕਲ ਐਡੀ ਵੱਡੀ ਹੋ ਜਾਵੇ ਕਿ ਮੈਂ ਸਾਰੀ ਕਾਇਨਾਤ ਇਸ ਵਿਚ ਭਰ ਲਵਾਂ।

PunjabKesari
 
ਇਹ ਦੁਨੀਆਂ ਦਾ ਸਭ ਤੋਂ ਪਹਿਲਾ ਪੂਰਬੀ ਦੇਸ਼ ਹੈ, ਜਿਥੇ ਸੂਰਜ ਸਾਰੇ ਜਗਤ ਨਾਲੋਂ ਪਹਿਲਾਂ ਦਰਸ਼ਨ ਦਿੰਦਾ ਹੈ ਤੇ ਸਾਲ ਦੇ ਆਗਮਨ ਦਾ ਜਸ਼ਨ ਸਭ ਤੋਂ ਪਹਿਲਾਂ ਮਨਾਇਆ ਜਾਂਦਾ ਹੈ। ਇਸਦੇ ਨਾਲ-ਨਾਲ ਇਕ ਰੌਚਕ ਗੱਲ ਹੋਰ ਵੀ ਹੈ, ਜਿਸ ’ਤੇ ਕਦੇ ਕੋਈ ਗੱਲ ਬਾਤ ਨਹੀਂ ਹੋਈ, ਉਹ ਇਹ ਕਿ ਇਥੇ ਸੂਰਜ ਪੱਛਮ ਦੇ ਮੁਕਾਬਲੇ ਧਰਤੀ ਦੇ ਜ਼ਿਆਦਾ ਨੇੜੇ ਹੋਣ ਕਾਰਨ ਸੂਰਜ ਦੀਆਂ ਕਿਰਨਾਂ ਸਿੱਧੀਆਂ ਤੇ ਬਹੁਤ ਤੇਜ਼ ਪੈਂਦੀਆਂ ਹਨ, ਜਿਸ ਕਾਰਨ ਧੁਪ ਵਿਚ ਕੁਝ ਮਿੰਟ ਵੀ ਨਹੀਂ ਖੜਿਆ ਜਾਂਦਾ, ਭਾਂਵੇ ਘੋਰ ਸਰਦੀ ਦਾ ਹੀ ਮੌਸਮ ਕਿਓਂ ਨਾ ਹੋਵੇ,ਬਸ਼ਰਤੇ ਹਵਾ ਰੁਕੀ ਹੋਣੀ ਚਾਹੀਦੀ ਹੈ। ਸਰਦੀਆਂ ਬਹੁਤ ਸੀਤ ਹਵਾ ਤੇ ਮੀਂਹ ਵਾਲੀਆਂ ਹੁੰਦੀਆਂ ਹਨ। ਗਰਮੀਆਂ ਨਵੰਬਰ-ਦਸੰਬਰ ਤੋਂ ਸ਼ੁਰੂ ਹੋ ਕੇ ਮਾਰਚ-ਅਪਰੈਲ ਤੱਕ ਰਹਿੰਦੀਆਂ ਹਨ ਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੱਕ ਰਹਿੰਦਾ ਹੈ। ਏਥੇ ਦੇ ਅਸਲੀ ਵਸਨੀਕ ਮੌਰੀ ਲੋਕ ਹਨ ਪਰ ਨਿਊਜ਼ੀਲੈਂਡ ਇਕ ਬਹੁਸਭਿਆਚਾਰਕ ਦੇਸ਼ ਹੈ। ਲੱਗਭਗ ਦੁਨੀਆਂ ਦੇ ਹਰ ਮੁਲਕ ਦੇ ਲੋਕਾਂ ਦੀ ਇਹ ਪਹਿਲੀ ਪਸੰਦ ਹੈ। ਸੈਰ ਸਪਾਟਾ, ਡੇਅਰੀ ਫਾਰਮਿੰਗ, ਭੇਡਾਂ ਪਾਲਣਾ, ਫਲਾਂ ਦੇ ਬਾਗ ਆਮ ਧੰਦੇ ਹਨ। ਇਕ ਚੀਜ਼ ਜ਼ਰੂਰ ਦੱਸਾਂਗੀ ਕਿ ਹਰ ਮੁਲਕ ਦੇ ਅੰਗਰੇਜ਼ ਵੱਖਰੀ ਕਿਸਮ ਦੇ ਹਨ ਅਤੇ ਏਥੇ ਦੇ ਸਾਰੀ ਦੁਨੀਆਂ ਦੇ ਅੰਗਰੇਜ਼ਾਂ ਨਾਲੋਂ ਸੁਭਾਅ ਦੇ ਪੱਖੋਂ ਨਰਮ, ਸਲੀਕੇ ਵਾਲੇ, ਆਦਰ ਕਰਨ ਵਾਲੇ ਅਤੇ ਸੂਖਮ ਸੋਚ ਰੱਖਣ ਵਾਲੇ ਹਨ। ਇਹ ਨਸਲਵਾਦ ਵਿਚ ਬਹੁਤ ਘੱਟ ਵਿਸ਼ਵਾਸ ਰੱਖਦੇ ਹਨ। ਇਸ ਦੇਸ਼ ਵਿਚ ਦੇਖਣ ਵਾਲੀਆਂ ਹਜ਼ਾਰਾਂ ਥਾਵਾਂ ਹਨ, ਇਕ ਹੀ ਲੇਖ ਵਿਚ ਇੰਨਾ ਕੁਝ ਸਮਾਉਣਾ ਅਸੰਭਵ ਹੈ, ਇਸ ਲਈ ਇਕ-ਇਕ ਸ਼ਹਿਰ ਤੇ ਨਾਲ ਲਗਦੀਆਂ ਹੁਸੀਨ ਥਾਵਾਂ ਦਾ ਜ਼ਿਕਰ ਕੀਤਾ ਜਾਵੇਗਾ।

ਆਂਕਲੈੱਡ : 

PunjabKesari
ਆਕਲੈਂਡ ਨਿਊਜ਼ੀਲੈਂਡ ਦੀ ਆਰਥਿਕ ਰਾਜਧਾਨੀ ਹੋਣ ਦੇ ਨਾਲ-ਨਾਲ ਇਮਾਰਤਾਂ ਤੇ ਕੁਦਰਤੀ ਨਜ਼ਾਰਿਆਂ ਪੱਖੋਂ ਵੀ ਸਿਰਮੌਰ ਸ਼ਹਿਰ ਗਿਣਿਆ ਜਾਂਦਾ ਹੈ, ਕਿਉਂਕਿ ਦੇ ਸ਼ਹਿਰ ਵਿਚ ਵੜ ਜਾਈਏ ਤਾਂ ਇਮਾਰਤਾਂ, ਖਾਸ ਕਰ ਸਕਾਈ ਟਾਵਰ, ਸੜਕਾਂ, ਪਾਰਕਾਂ, ਮਾੱਲਸ, ਬਿੱਗ ਬਜਾਰ, ਸਿਨੇਮਾਘਰਾਂ, ਹਰ ਅਦੁੱਤੀ ਮਾਨਵਨਿਰਮਿਤ ਚੀਜ਼ਾਂ ਨੂੰ ਦੇਖ ਕੇ ਹੱਕੇ ਬੱਕੇ ਰਹਿ ਜਾਈਦਾ ਹੈ ।

ਸਕਾਈ ਟਾਵਰ : 

PunjabKesari
ਆਕਲੈਂਡ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ। ਸਕਾਈ ਟਾਵਰ ਸ਼ਹਿਰ ਦੇ ਵਿਚਕਾਰ 328 ਮੀਟਰ ਉੱਚਾ ਅਤੇ ਇਮਾਰਤਮਈ ਖੂਬਸੂਰਤ ਖੰਭਾ ਹੈ। ਇਹ ਇਮਾਰਤ ਜ਼ਿਆਦਾਤਰ ਮੋਟੇ ਤੇ ਮਜ਼ਬੂਤ ਕੱਚ ਦੀ ਬਣੀ ਹੈ। ਉੱਪਰ ਜਾਣ ਲਈ ਖੂਬਸੂਰਤ ਲਿਫਟ ਦਾ ਇੰਤਜ਼ਾਮ ਹੈ। ਇਸ ਉਪਰੋਂ ਪੂਰਾ ਸ਼ਹਿਰ ਨਜ਼ਰ ਆਉਂਦਾ ਹੈ ਤੇ ਸੜਕਾਂ ਤੇ ਚਲਦੇ ਵਾਹਨ ਕੀੜੇ ਮਕੌੜੇ ਜਾਪਦੇ ਹਨ। ਸ਼ਾਮ ਦੇ ਵਕਤ ਨਜ਼ਾਰਾ ਹੋਰ ਵੀ ਜਾਦੂਮਈ ਹੋ ਜਾਂਦਾ ਹੈ, ਜਦੋਂ ਚਾਰੇ ਪਾਸੇ ਰੌਸ਼ਨੀ ਹੀ ਰੌਸ਼ਨੀ ਜਗਮਗਾਉਂਦੀ ਹੈ ਤੇ ਦੀਵਾਲੀ ਦੀਆਂ ਰੌਸ਼ਨੀਆਂ ਵੀ ਇਸ ਅੱਗੇ ਫਿੱਕੀਆਂ ਲੱਗਦੀਆਂ ਹਨ।

PunjabKesari

ਉਪਰੋਂ ਦੂਰ ਤੱਕ ਨਜ਼ਰ ਮਾਰਿਆਂ ਨਜ਼ਾਰਾ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਦਾ। ਮਜ਼ੇ ਦੀ ਗੱਲ ਇਹ ਹੈ ਕਿ ਕੱਚ ਦੇ ਬਣੇ ਫਰਸ ਉਪਰ ਚਲਦਿਆਂ ਥੱਲੇ ਵੇਖਕੇ ਦਿਲ ਥੱਲੇ ਜਿਹੇ ਨੂੰ ਖਿਸਕਦਾ ਮਹਿਸੂਸ ਹੁੰਦਾ ਹੈ। ਇਸ ਟਾਵਰ ਦੇ ਅੰਦਰ ਬਹੁਤ ਸਾਰੀਆਂ ਦੁਕਾਨਾਂ ’ਤੇ ਰੈਸਟੋਰੈਂਟ ਵੀ ਹਨ। ਸ਼ੌਕੀਨ ਲੋਕ ਆਪਣੀਆਂ ਵਿਆਹ ਪਾਰਟੀਆਂ ਤੱਕ ਇਥੇ ਮਨਾਉਂਦੇ ਹਨ। ਅਸੀਂ ਇਸਦੇ ਉੱਤੋਂ ਆਕਲੈਂਡ ਦਾ ਨਜ਼ਾਰਾ ਵੇਖ ਕੇ ਗੱਦ-ਗੱਦ ਹੋ ਉੱਠੇ ਸਾਂ। ਇਨੀ ਉਚਾਈ ਤੋਂ ਦੁਨੀਆਂ ਨੂੰ ਵੇਖਣ ਦਾ ਸੁਭਾਗ ਪਹਿਲੀ ਵਾਰ ਜੋ ਹਾਸਿਲ ਹੋਇਆ ਸੀ।

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼-7 : ਰਾਜਧਾਨੀ ਐਕਸਪ੍ਰੈੱਸ ਦਾ ਯਾਦਗਾਰ ਸਫ਼ਰ

ਪੜ੍ਹੋ ਇਹ ਵੀ ਖਬਰ -  ਜਗਬਾਣੀ ਸੈਰ ਸਪਾਟਾ ਸਪੈਸ਼ਲ-6 : ‘ਚਾਨਣੀਆਂ ਰਾਤਾਂ ਵਰਗੀ ਧਰਤੀ’

ਆਕਲੈਂਡ ਅਜਾਇਬ ਘਰ : 

PunjabKesari

ਅਜਾਇਬ ਘਰ ਆਕਲੈਂਡ ਦਾ ਇਕ ਅਦੁੱਤੀ ਸਥਾਨ ਹੈ ਜਿਸਨੂੰ ਦੇਖ ਕੇ ,ਓਥੇ ਦੇ ਰੱਖ ਰਖਾਵ ਲਈ ਆਪ ਮੁਹਾਰੇ ਤਾਰੀਫਾਂ ਦੇ ਪੁੱਲ ਬੰਨਣ ਨੂੰ ਜੀ ਕਰਦਾ ਹੈ। ਇਹ ਸੁੰਦਰ ਇਮਾਰਤ ਤਿੰਨ ਮੰਜ਼ਿਲਾਂ ਵਿਚ ਤਕਸੀਮ ਹੈ। ਸਭ ਤੋਂ ਥੱਲੇ ਵਾਲ਼ੀ ਮੰਜ਼ਿਲ ਮਾਉਰੀ ਸਭਿਆਚਾਰ ਤੇ ਅਧਾਰਿਤ ਹੈ। ਇਥੇ ਦੱਸਣਾ ਲਾਜ਼ਮੀ ਹੈ ਕਿ ਮਾਉਰੀ ਲੋਕ ਆਦਿਵਾਸੀ ਲੋਕ ਸਨ ਤੇ ਕਬੀਲਿਆਂ ਵਿਚ ਵਿਚਰਦੇ ਸਨ। ਸੋ ਇਨਾਂ ਕਬੀਲਿਆਂ ਦੇ ਮੋਢੀ, ਸਰਦਾਰ ਜਾਂ ਰਾਜੇ ਹੋਇਆ ਕਰਦੇ ਸਨ। ਸੋ ਇਸ ਮੰਜ਼ਿਲ ’ਤੇ ਰਾਜਿਆਂ, ਸਰਦਾਰਾਂ ਤੇ ਆਮ ਲੋਕਾਂ ਦੇ ਕੱਪੜੇ, ਗਹਿਣੇ, ਹਥਿਆਰ, ਬਰਤਨ ਤੇ ਹੋਰ ਵਰਤੋਂ ਦੀਆਂ ਚੀਜ਼ਾਂ ਮਿਲਦੀਆਂ ਹਨ। ਇਥੇ ਪਹੁੰਚ ਕੇ ਮੈਨੂੰ ਦੋ ਚੀਜਾਂ ਮਹਿਸੂਸ ਹੋਈਆਂ, ਉਹ ਇਹ ਕਿ ਮਉਂਰੀ ਸੱਭਿਆਚਾਰ ਵੀ ਆਪਣੇ ਪੁਰਾਤਨ ਭਾਰਤੀ ਸੱਭਿਆਚਾਰ ਨਾਲ ਮੇਲ ਖਾਂਦਾ ਸੀ ਤੇ ਦੂਸਰਾ ਇੰਝ ਲੱਗਿਆ ਜਿਵੇਂ ਮੈਂ ਉਸ ਕਬੀਲਿਆਂ ਵਾਲੇ ਯੁਗ ਦਾ ਹਿੱਸਾ ਹੋਵਾਂ। ਵੱਡੇ-ਵੱਡੇ ਬਰਛਿਆਂ ਵਰਗੇ ਹਥਿਆਰ ਤੇ ਵੱਡੇ-ਵੱਡੇ ਕੜਾਹੇ ਸਾਨੂੰ ਪੂਰੀ ਤਰ੍ਹਾਂ ਉਸ ਕਬੀਲਿਆਂ ਤੇ ਸ਼ਿਕਾਰ ਕਰਨ ਵਾਲਿਆਂ ਦਾ ਅਹਿਸਾਸ ਦਵਾ ਰਹੇ ਸਨ। ਇੱਥੇ ਇਕ ਵਿਲੱਖਣ ਗੱਲ ਦੇਖਣ ਨੂੰ ਮਿਲੀ ਕਿ ਇਥੇ ਇਕ ਮੰਦਰ ਨੁਮਾ ਇਮਾਰਤ ਸੰਭਾਲੀ ਹੋਈ ਸੀ, ਜਿਹੜਾ ਕਿ ਰਾਜੇ ਦਾ ਨਿਵਾਸ ਸਥਾਨ ਸੀ।

ਇਥੋਂ ਤ੍ਰਿਪਤ ਹੋਕੇ ਅਸੀਂ ਦੂਜੀ ਮੰਜ਼ਿਲ ਵੱਲ ਵਧੇ। ਇਹ ਤਲ ਨਿਊਜ਼ੀਲੈਂਡ ਦੇ ਹੋਂਦ ਵਿਚ ਆਉਣ ਨੂੰ ਦਰਸਾਉਂਦਾ ਹੈ। ਇਥੇ ਪਹੁੰਚ ਕੇ ਪਤਾ ਲੱਗਿਆ ਕਿ ਇਹ ਦੇਸ਼ ਸਿਰਫ ਛੇ ਸੌ ਸਾਲ ਪਹਿਲਾਂ ਹੀ ਹੋਂਦ ਵਿਚ ਆਇਆ ਹੈ। ਕੁਝ ਕੁਦਰਤੀ ਪ੍ਰਕਿਰਿਆਵਾਂ ਜਿਵੇਂ ਭੂਚਾਲ, ਜਵਾਲਾਮੁਖੀ ਤੇ ਬਹੁਤ ਸ਼ਕਤੀਸ਼ਾਲੀ ਵਾਵਰੋਲਿਆਂ ਦੇ ਕਾਰਣ ਇਥੇ ਦੇ ਧਰਾਤਲ ਦੀ ਅਜੋਕੀ ਬਣਤਰ ਬਣੀ ਹੈ। ਇਸ ਸਭ ਕੁਝ ਨੂੰ ਬੜੇ ਹੀ ਕਰੀਨੇ ਨਾਲ ਸੰਜੋਇਆ ਗਿਆ ਹੈ ਤਾਂ ਦੋ ਹਰ ਚੀਜ਼ ਦਾ ਪੂਰਾ ਅਨੰਦ ਲਿਆ ਜਾ ਸਕੇ। ਤੀਸਰੀ ਮੰਜ਼ਿਲ ਦੂਸਰੇ ਵਿਸ਼ਵ ਯੁੱਧ ਦੀਆਂ ਯਾਦਗਾਰਾਂ ਨਾਲ ਸਜਾਈ ਗਈ ਸੀ। ਇਥੇ ਟੈਂਕ, ਤੋਪਾਂ, ਹੱਥ ਗੋਲੇ ਤੇ ਬਹੁਤ ਦੂਰ ਤੱਕ ਮਾਰ ਕਰਨ ਵਾਲੇ ਹਥਿਆਰਾਂ ਦਾ ਜ਼ਖ਼ੀਰਾ ਸੰਭਾਲਿਆ ਹੋਇਆ ਹੈ।

ਚਿੜਿਆਂ ਘਰ:

PunjabKesari
ਇਹ ਵੀ ਸਿਟੀ ਸੈਂਟਰ ਵਿਚ ਸਥਿਤ ਹੈ। ਲੱਗਭਗ ਦਸ ਕਿਲੋਮੀਟਰ ਵਿਚ ਫੈਲੇ ਇਸ ਪਾਰਕ ਵਿਚ ਆ ਕੇ ਇੰਝ ਲੱਗਦਾ ਸੀ ਜਿਵੇਂ ਚਿੜੀਆ ਘਰ ਦੇ ਨਾਲ-ਨਾਲ ਕਿਸੇ ਪਿਕਨਿਕ ’ਤੇ ਆਏ ਹਾਂ। ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆ ਰਹੀ ਸੀ। ਰੰਗ ਬਰੰਗੀਆਂ ਚਿੜੀਆਂ, ਹਰੇ, ਲਾਲ, ਨੀਲੇ ਤੋਤਿਆਂ ਤੋਂ ਲੈ ਕੇ ਬਿਲੀਆਂ, ਚੂਹਿਆਂ ਕਬੂਤਰਾਂ, ਖ਼ਰਗੋਸ਼ਾਂ ਹਾਥੀਆ, ਦਰਿਆਈ ਘੋੜਿਆਂ ਤੇ ਰਾਇਨੋ ਜਿਹੀਆਂ ਵੱਖ-ਵੱਖ ਪ੍ਰਜਾਤੀਆਂ ਅਤੇ ਉਨ੍ਹਾਂ ਦੇ ਆਲੀਸ਼ਾਨ ਰੱਖ ਰਖਾਅ ਨੂੰ ਵੇਖ ਕੇ ਸਾਡੀ ਸਾਰੀ ਥਕਾਨ ਹਵਾ ਹੋ ਗਈ ਸੀ। ਹੁਣ ਸ਼ਾਮ ਪੈ ਜਾਣ ਕਾਰਣ ਅਗਲਾ ਪ੍ਰੋਗਰਾਮ ਅਗਲੇ ਦਿਨ ’ਤੇ ਛੱਡਣਾ ਪਿਆ।

ਕੈਲੀ ਟਾਰਟਨ:

PunjabKesari
ਇਹ ਇਕ ਬਹੁਤ ਹੀ ਵੱਡਾ ਧਰਤੀ ਹੇਠਾਂ ਬਣਿਆ ਇਕਵੇਰਿਅਮ ਹੈ। ਟਿਕਟ ਲੈ ਕੇ ਅੰਦਰ ਵੜਦਿਆਂ ਸਾਰ ਅਸੀਂ ਇਕ ਸੁਰੰਗ ਵਿਚ ਦਾਖਿਲ ਹੁੰਦੇ ਹਾਂ। ਇਹ ਰੋਮਾਂਚਿਤ ਕਰ ਦੇਣ ਵਾਲੀ ਸੁਰੰਗ ਖੁੱਲੀ ਡੁੱਲੀ ’ਤੇ 7-8 ਫੁੱਟ ਉੱਚੀ ਸੀ, ਜਿਸ ਵਿਚ ਅਸੀਂ ਖੁੱਲੇ ਡੁੱਲੇ ਤੁਰਕੇ ਨਜ਼ਾਰਾ ਦੇਖ ਸਕਦੇ ਸੀ। ਸਭ ਤੋਂ ਰੋਮਾਂਚਿਤ ਕਰਨ ਵਾਲਾ ਦ੍ਰਿਸ਼ ਉਹ ਸੀ ਜਦੋਂ ਸਾਡੇ ਤਿੰਨਾਂ ਪਾਸਿਆਂ ’ਤੇ ਇਕਵੇਰੀਅ ਸੀ ਤੇ ਉਸ ਵਿਚ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਮੱਛੀ ਤਰ ਰਹੀ ਸੀ। ਬੱਚੇ ਕਿਲਕਾਰੀਆਂ ਮਾਰ ਰਹੇ ਸਨ। ਉਸ ਤੋਂ ਅੱਗੇ ਪੈਂਗੁਇਨਜ ਦੇਖੀਆਂ ਤੇ ਵਾਪਸੀ ਕੀਤੀ। ਸਿਟੀ ਸੈਂਟਰ ਵਿਚੋਂ ਗੁਜਰਦੇ ਹੋਏ ਓਟੀਆਂ ਸਕੇਅਰ, ਜੋ ਤਿਉਹਾਰ ਆਦਿ ਸਮੇਂ ਇਕੱਠ ਕਰਨ ਲਈ ਬਣਾਈ ਗਈ ਖੁੱਲੀ ਥਾਂ ਹੈ, ਦਾ ਵੀ ਨਜ਼ਾਰਾ ਲਿਆ।
                                                  
ਕਿਵੀ ਵੈਲੀ:

PunjabKesari
ਅਗਲੇ ਦਿਨ ਸਵੇਰੇ ਹੀ ਅਸੀਂ ਅਗਲੀ ਮੰਜ਼ਿਲ ਵੱਲ ਵਧੇ, ਕਿਓਂਕਿ ਬਹੁਤ ਸਾਰੀਆਂ ਥਾਵਾਂ ਦਾ ਨਜ਼ਾਰਾ ਅਜੇ ਬਾਕੀ ਸੀ। ਪੂਰਾ ਸ਼ਹਿਰ ਚਾਰ ਭਾਗਾਂ ਵਿਚ ਵੰਡਿਆ ਹੋਣ ਕਾਰਣ, ਇਹ ਇਲਾਕਾ ਪੱਛਮ ਵਿਚ ਆਉਂਦਾ ਹੈ। ਏਥੇ ਦੀਆਂ ਹਰੀਆਂ ਭਰੀਆਂ ਵਾਦੀਆਂ, ਹਰੇ ਕਚੂਰ ਉੱਤੇ ਲੰਮੇ ਦਰੱਖਤ, ਖੁੱਲੀਆਂ-ਖੁੱਲੀਆਂ ਚਰਾਗਾਹਾਂ ਇਨਾਂ ਵਿਚ ਸੱਪ ਵਾਂਗ ਵੱਲ ਖਾਂਦੀਆਂ ਸੜਕਾਂ ਕਿਸੇ ਅਣਦੇਖੇ ਸਵਰਗ ਨਾਲੋਂ ਘੱਟ ਨਹੀਂ ਸਨ। ਪੰਜ ਛੇ ਕਿਲੋਮੀਟਰ ਦੀ ਦੂਰੀ ਅਤੇ ਖੱਬੇ ਹੱਥ ਕਿਵੀ ਵੈਲੀ ਦਾ ਬੋਰਡ ਲੱਗਿਆ ਸੀ। ਅਸੀਂ ਕਾਰ ਉਧਰ ਮੋੜ ਲਈ। ਦਾਖਲ ਹੁੰਦਿਆਂ ਹੀ ਖੁੱਲੀ ਪਾਰਕਿੰਗ, ਆਲੇ-ਦੁਆਲੇ ਦੀ ਹਰਿਆਲੀ ਤੇ ਮਨਮੋਹਣੀਆਂ ਘਾਟੀਆਂ ਨੇ ਕੁਝ ਪਲਾਂ ਲਈ ਸਾਨੂੰ ਉਥੇਹੀ ਬੰਨ ਲਿਆ। ਟਿਕਟ ਲੈਕੇ ਸਵਾਗਤ ਦਵਾਰ ਤੋਂ ਚੰਦ ਕੁ ਕਦਮਾਂ ’ਤੇ ਹੀ ਖੂਬਸੂਰਤ ਖ਼ਰਗੋਸ਼ਾਂ ਨੂੰ ਗੋਦੀ ’ਚ ਫੜਨ ਦਾ ਤੇ ਇਕ ਗੋਲਡਨ ਰਿਟਰੀਵਰ ਨੂੰ ਲਾਡ ਕਰਨ ਦਾ ਮੌਕਾ ਮਿਲਿਆ। ਇਵੇਂ ਲੱਗਿਆ ਜਿਵੇਂ ਚਿਰਾਂ ਦੀ ਹਸਰਤ ਪੂਰੀ ਹੋਈ ਹੋਵੇ। ਇਸ ਤੋਂ ਅੱਗੇ ਵਧੇ ਤਾਂ ਭੇਡਾਂ, ਬੱਕਰੀਆਂ, ਮੁਰਗੀਆਂ, ਬੱਤਖਾਂ, ਤਰਾਂ-ਤਰਾਂ ਦੇ ਪੰਛੀ, ਜਿਵੇਂ ਪੈਲਾਂ ਪਾਉਂਦੇ ਮੋਰ, ਰੰਗ ਬਰੰਗੀਆਂ ਚਿੜੀਆਂ ਤੇ ਤੋਤਿਆਂ ਨੂੰ ਖਾਣਾ ਖੁਆਉਂਦੇ ਅੱਗੇ ਵਧੇ ਤਾਂ ਇਕ ਟਰੈਕਟਰ, ਟਰਾਲੀ ਸਮੇਤ ਸਾਡਾ ਇੰਤਜ਼ਾਰ ਕਰ ਰਿਹਾ ਸੀ, ਜਿਸਨੇ ਕਿ ਸਾਨੂੰ ਇਸ ਖੂਬਸੂਰਤ ਵਾਦੀ ਦੀ ਸੈਰ ਕਰਵਾਉਣੀ ਸੀ। ਦੱਸਣ ਯੋਗ ਹੈ ਕਿ ਉਚੇ ਨੀਵੇਂ ਤੇ ਕੱਚੇ ਰਸਤੇ ’ਤੇ ਚੱਲਣ ਵਾਲੇ ਇਸ ਟਰੈਕਟਰ ਦੀ ਡਰਾਇਵਰ ਇਕ ਲੜਕੀ ਸੀ। ਇਸ ਟਰੈਕਟਰ ਵਿਚ ਤੀਹ ਦੇ ਲੱਗਭੱਗ ਵੱਖ-ਵੱਖ ਦੇਸ਼ਾਂ ਦੇ ਲੋਕ ਆਪਣੇ ਬੱਚਿਆਂ ਸਮੇਤ ਬੈਠੇ ਸਨ ਤੇ ਸਾਰੇ ਹੀ ਇਕ ਦੂਸਰੇ ਨਾਲ ਖੁੱਲ ਕੇ ਹੱਸਦੇ ਖੇਡਦੇ ਗੱਲਾਂ ਕਰ ਰਹੇ ਸਨ। ਵਾਦੀ ਦੇ ਨਜ਼ਾਰੇ ਤੇ ਇਕ ਘੋੜੇ ਦੀ ਖਾਸ ਹਿਨਹਿਨਾਹਟ ਨੇ ਰੰਗ ਬੰਨ ਕੇ ਸਭ ਨੂੰ ਖੂਬ ਹਸਾਇਆ ਤੇ ਇਥੇ ਹੀ ਕਿਵੀ ਵੈਲੀ ਯਾਤਰਾ ਸਮਾਪਤ ਹੋਈ।

ਕ੍ਰਿਸਟਲ ਮਾਉਂਨਟੇਨ:-

PunjabKesari
ਕਿਵੀ ਵੈਲੀ ਤੋਂ ਕੁਝ ਕੁ ਕਿਲੋਮੀਟਰ ਤੇ ਘਣੇ ਜੰਗਲਾਂ ਵਿਚ ਦੀ ਲੰਘਦੀ ਸੜਦੇ ਸੱਜੇ ਹੱਥ ਇਕ ਅਜਾਇਬ-ਘਰ ਵਰਗੀ ਖੂਬਸੂਰਤ ਇਮਾਰਤ ਵਿਚ ਤਰਾਂ-ਤਰਾਂ ਦੇ ਆਲੀਸ਼ਾਨ ਪੱਥਰ ਮੌਜੂਦ ਸਨ। ਕਈ ਤਾਂ ਬਿਲਕੁਲ ਸ਼ੀਸ਼ੇ ਵਰਗੇ ਅਤੇ ਆਦਮ ਕੱਦ ਦੇ ਬਰਾਬਰ ਸਨ। ਕਈਆਂ ਦੇ ਆਕਾਰ ’ਤੇ ਦਿੱਖ ਅਤਿਅੰਤ ਹੀ ਮਨਮੋਹਕ ਸੀ। ਇਥੋਂ ਨਿੱਕਲ ਕੇ ਇਸਦੇ ਨਾਲ ਲੱਗਦੇ ਛੋਟੇ ਜਿਹੇ ਚਿੜਿਆਘਰ ਦਾ ਨਜ਼ਾਰਾ ਲੈ ਕੇ ਅਸੀਂ ਅੱਗੇ ਵਧ ਗਏ।

ਡੈਵਨ ਪੋਰਨ:

PunjabKesari
ਇਹ ਦੋ ਉੱਚੀਆਂ ਪਹਾੜੀਆਂ ਵਾਲਾ ਇਲਾਕਾ ਹੈ। ਇਸਦੇ ਇਕ ਪਾਸੇ ਸਮੁੰਦਰ ਤੇ ਉਸਦੇ ਨਾਲ-ਨਾਲ ਰਿਹਾਇਸ਼ੀ ਇਲਾਕਾ ਜੰਨਤ ਦੀ ਅਸਲੀ ਝਲਕ ਦਿੰਦਾ ਹੈ। ਇਨ੍ਹਾਂ ਪਹਾੜੀਆਂ ਵਿਚੋਂ ਇਕ ਪਹਾੜੀ ਉੱਤੇ ਦੂਸਰੇ ਸੰਸਾਰ ਜੰਗ ਦੀਆਂ ਵੱਡੀਆਂ-ਵੱਡੀਆਂ ਤੋਪਾਂ ਤੇ ਹੋਰ ਹਥਿਆਰ ਰੱਖੇ ਗਏ ਹਨ। ਇਸਦੇ ਨਾਲ-ਨਾਲ, ਮਾਊਂਟ ਈਡਨ ਨਾਂ ਦੀ ਪਹਾੜੀ, ਮੂਰੀਵਾਈ ਬੀਚ, ਪੀਹਾ ਬੀਚ, ਰੈੱਡ ਬੀਚ ਬੈਥਲ ਬੀਚ, ਲੌਂਗ ਵੇ ਬੀਚ, ਈਡਨ ਪਾਰਕ, ਵੈਕਟਰ ਏਰੀਨਾ ਵਰਗੀਆਂ ਕਈ ਦੇਖਣਯੋਗ ਇਮਾਰਤਾਂ ’ਤੇ ਥਾਵਾਂ ਹਨ।  

PunjabKesari

ਇਹ ਸੀ ਇਕ ਜੰਨਤ ਦੇ ਇਕ ਸ਼ਹਿਰ ਤੇ ਉਸਦੀਆਂ ਕੁਝ ਖਾਸ ਥਾਵਾਂ ਦੀ ਸੈਰ।

PunjabKesari

PunjabKesari

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਸਪੈਸ਼ਲ- 5 : ਭੂਟਾਨ ਘੁੰਮਦਿਆਂ ਪਾਰੋ ਦਾ ਸ਼ਰਬਤੀ ਝਾਕਾ

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਸਪੈਸ਼ਲ-4 : ਦੁਨੀਆਂ ਦੇ ਸਭ ਤੋਂ ਉੱਚੇ ਪਿੰਡ ਕਿੱਬਰ ਵਿਚ ਘੁੰਮਦਿਆਂ


author

rajwinder kaur

Content Editor

Related News