ਈਰਾਨ ''ਚ ਕੋਰੋਨਾ ਤੋਂ ਬਚਣ ਲਈ ਹਜ਼ਾਰਾਂ ਲੋਕਾਂ ਨੇ ਪੀਤੀ ਮੀਥੇਨੌਲ, 728 ਦੀ ਮੌਤ

Tuesday, Apr 28, 2020 - 06:23 PM (IST)

ਈਰਾਨ ''ਚ ਕੋਰੋਨਾ ਤੋਂ ਬਚਣ ਲਈ ਹਜ਼ਾਰਾਂ ਲੋਕਾਂ ਨੇ ਪੀਤੀ ਮੀਥੇਨੌਲ, 728 ਦੀ ਮੌਤ

ਤੇਹਰਾਨ (ਬਿਊਰੋ): ਕੋਵਿਡ-19 ਮਹਾਮਾਰੀ ਕਾਰਨ ਪੂਰੀ ਦੁਨੀਆ ਵਿਚ ਖੌਫ ਦਾ ਮਾਹੌਲ ਹੈ। ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਕਾਰਾਂ ਮਹੱਤਵਪੂਰਣ ਕਦਮ ਚੁੱਕ ਰਹੀਆਂ ਹਨ। ਇਸ ਵਾਇਰਸ ਤੋਂ ਬਚਣ ਦਾ ਜਿਵੇਂ ਹੀ ਕੋਈ ਦਾਅਵਾ ਕੀਤਾ ਜਾਂਦਾ ਹੈ ਲੋਕ ਜਾਣਕਾਰੀ ਦੀ ਘਾਟ ਵਿਚ ਗਲਤ ਚੀਜ਼ਾਂ ਵੀ ਖਾ-ਪੀ ਰਹੇ ਹਨ। ਅਜਿਹੇ ਵਿਚ ਫੈਲੀ ਇਕ ਝੂਠੀ ਅਫਵਾਹ ਕਾਰਨ ਈਰਾਨ ਵਿਚ ਹਜ਼ਾਰਾਂ ਲੋਕਾਂ ਨੇ ਮੀਥੇਨੌਲ ਪੀ ਲਈ, ਜਿਸ ਕਾਰਨ 700 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ।

ਅਸਲ ਵਿਚ ਇੱਥੇ ਅਫਵਾਹ ਫੈਲ ਗਈ ਸੀ ਕਿ ਮੀਥੇਨੌਲ ਪੀ ਲੈਣ ਨਾਲ ਕੋਰੋਨਾਵਾਇਰਸ ਨਹੀਂ ਫੈਲਦਾ। ਇਸ ਅਫਵਾਹ ਸੁਣਦੇ ਹੀ ਵੱਡੀ ਗਿਣਤੀ ਵਿਚ ਲੋਕਾਂ ਨੇ ਜ਼ਹਿਰੀਲਾ ਮੀਥੇਨੌਲ ਪੀ ਲਿਆ ਜਿਸ ਮਗਰੋਂ ਇੱਥੇ ਕਰੀਬ 728 ਲੋਕਾਂ ਨੇ ਦਮ ਤੋੜ ਦਿੱਤਾ। ਈਰਾਨ ਦੇ ਸਿਹਤ ਮੰਤਰਾਲੇ ਦੇ ਸਲਾਹਕਾਰ ਹੋਸੈਨ ਹਸੈਨਿਯਨ ਦੇ ਮੁਤਾਬਕ ਵੱਖ-ਵੱਖ ਮਾਧਿਅਮਾਂ ਵਿਚ ਮੌਤ ਦੇ ਅੰਕੜਿਆਂ ਨੂੰ ਲੈ ਕੇ ਫਰਕ ਹੈ ਕਿਉਂਕਿ ਜ਼ਹਿਰੀਲੀ ਸ਼ਰਾਬ ਪੀਣ ਵਾਲੇ ਕਰੀਬ 200 ਪੀੜਤਾਂ ਦੀ ਮੌਤ ਹਸਪਤਾਲ ਦੇ ਬਾਹਰ ਹੋਈ ਸੀ।

ਬੀਤੇ ਸਾਲ ਅਪ੍ਰੈਲ ਦੇ ਮਹੀਨੇ ਵਿਚ ਜਾਰੀ ਇਕ ਸਰਕਾਰੀ ਰਿਪੋਰਟ ਦੇ ਮੁਤਾਬਕ ਕੋਰੋਨਾਵਾਇਰਸ ਦੇ ਕਾਰਨ ਈਰਾਨ ਵਿਚ ਪਿਛਲੇ ਸਾਲ ਦੇ ਮੁਕਾਬਲੇ 10 ਗੁਣਾ ਜ਼ਿਆਦਾ ਜ਼ਹਿਰੀਲਾ ਸ਼ਰਾਬ ਪੀਣ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਰਾਸ਼ਟਰੀ ਅਥਾਰਿਟੀ ਨੇ ਇਸ ਘਟਨਾ ਨੂੰ ਲੈ ਕੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਦੇ ਕਾਰਨ 20 ਫਰਵਰੀ ਤੋਂ 7 ਅਪ੍ਰੈਲ ਦੇ ਵਿਚ 728 ਈਰਾਨੀਆਂ ਦੀ ਮੌਤ ਹੋ ਗਈ।ਰਿਪੋਰਟ ਮੁਤਾਬਕ ਪਿਛਲੇ ਸਾਲ ਸ਼ਰਾਬ ਦੇ ਜ਼ਹਿਰ ਨਾਲ ਸਿਰਫ 66 ਮੌਤਾਂ ਹੋਈਆਂ ਸਨ।

ਸਥਾਨਕ ਸਟੇਟ ਟੀਵੀ ਨੇ ਈਰਾਨੀ ਸਿਹਤ ਮੰਤਰਾਲੇ ਦੇ ਬੁਲਾਰੇ ਕਿਨਯੌਸ ਜਹਾਨਪੁਰ ਦੇ ਹਵਾਲੇ ਨਾਲ ਦੱਸਿਆ ਕਿ ਜ਼ਹਿਰੀਲੀ ਮੀਥੇਨੌਲ ਸ਼ਰਾਬ ਪੀਣ ਕਾਰਨ 525 ਲੋਕਾਂ ਦੀ ਮੌਤ ਹੋ ਗਈ ਹੈ। ਜਹਾਨਪੁਰ ਨੇ ਦੱਸਿਆ ਕਿ ਮੀਥੇਨੌਲ ਸ਼ਰਾਬ ਜ਼ਰੀਏ ਕੁੱਲ 5,011 ਲੋਕਾਂ ਨੂੰ ਜ਼ਹਿਰ ਦਿੱਤਾ ਗਿਆ ਸੀ।ਜਾਣਕਾਰੀ ਮੁਤਾਬਕ ਇਸ ਸਮੇਂ ਈਰਾਨ ਵਿਚ ਲੱਗਭਗ ਸ਼ਰਾਬ ਦੀਆਂ 40 ਫੈਕਟਰੀਆਂ ਹਨ ਪਰ ਇਹ ਸਾਰੀਆਂ ਫੈਕਟਰੀਆਂ ਸ਼ਰਾਬ ਦੇ ਉਤਪਾਦਨ ਦੀ ਜਗ੍ਹਾ ਸੈਨੇਟਾਈਜ਼ਰ ਅਤੇ ਕੋਰੋਨਾਵਾਇਰਸ ਨਾਲ ਲੜਨ ਵਿਚ ਮਦਦ ਕਰਨ ਵਾਲੇ ਸਾਮਾਨਾਂ ਦਾ ਉਤਪਾਦਨ ਕਰਨ ਵਿਚ ਜੁਟੀਆਂ ਹੋਈਆਂ ਹਨ। ਇੱਥੇ ਦੱਸ ਦਈਏ ਕਿ ਈਰਾਨ ਵੀ ਕੋਰੋਨਾ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਸਮੇਂ ਈਰਾਨ ਵਿਚ ਇਸ ਮਹਾਮਾਰੀ ਕਾਰਨ 5806 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 91000 ਇਨਫੈਕਟਿਡ ਮਰੀਜ਼ ਹਨ।


author

Vandana

Content Editor

Related News