ਬੱਚੇਦਾਨੀ ’ਚ Spina Bifida ਦੀ ਸਰਜਰੀ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਡਾਕਟਰ ਬਣੇ ਡਾ. ਮਨਦੀਪ ਸਿੰਘ

06/26/2023 10:50:22 PM

ਇੰਟਰਨੈਸ਼ਨਲ ਡੈਸਕ : ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਰਹਿ ਰਹੇ ਇਕ ਭਾਰਤੀ ਮੂਲ ਦੇ ਡਾਕਟਰ ਨੇ ਦੱਖਣੀ ਅਮਰੀਕੀ ਇਕ ਔਰਤ ਦੀ ਕੁੱਖ ’ਚ ਪਲ਼ ਰਹੇ 24 ਹਫ਼ਤਿਆਂ ਦੇ ਬੱਚੇ ਦੀ ਰੀੜ੍ਹ ਦੀ ਹੱਡੀ ਦੇ ਨੁਕਸ ਨੂੰ ਠੀਕ ਕਰਨ ਲਈ ਇਕ ਬੇਹੱਦ ਗੁੰਝਲਦਾਰ ਸਰਜਰੀ ਨੂੰ ਸਫ਼ਲਤਾਪੂਰਵਕ ਅੰਜਾਮ ਦੇ ਕੇ ਇਤਿਹਾਸ ਬਣਾ ਦਿੱਤਾ ਹੈ। ਮਸ਼ਹੂਰ ਭਰੂਣ ਇਲਾਜ ਦੇ ਮਾਹਿਰ ਡਾ. ਮਨਦੀਪ ਸਿੰਘ, ਜਿਨ੍ਹਾਂ ਦੀਆਂ ਜੜ੍ਹਾਂ ਮੁੰਬਈ ਵਿਚ ਹਨ, ਨੇ ਆਬੂਧਾਬੀ ਦੇ ਇਕ ਹਸਪਤਾਲ ’ਚ ਇਕ ਬਹੁਤ ਹੀ ਗੁੰਝਲਦਾਰ ਸਰਜਰੀ ਕਰਨ ਵਿਚ ਡਾਕਟਰਾਂ ਦੀ ਇਕ ਟੀਮ ਦੀ ਅਗਵਾਈ ਕੀਤੀ। ਉਹ ਅਜਿਹੀ ਗੁੰਝਲਦਾਰ ਸਰਜਰੀ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਡਾਕਟਰ ਬਣ ਗਏ ਹਨ। ਕੋਲੰਬੀਆ ਦੀ ਮਰੀਜ਼ ਆਪਣੇ ਬੱਚੇ ਲਈ ਲੰਬੇ ਸਮੇਂ ਦੀਆਂ ਜਟਿਲਤਾਵਾਂ ਨੂੰ ਰੋਕਣ ਦੀ ਉਮੀਦ ’ਚ ਆਬੂਧਾਬੀ ਸਥਿਤ ਬੁਰਜ਼ੀਲ ਮੈਡੀਕਲ ਸਿਟੀ ਦੇ ਕਿਪ੍ਰੋਸ ਨਿਕੋਲਾਈਡਸ ਫੀਟਲ ਮੈਡੀਸਨ ਐਂਡ ਥੈਰੇਪੀ ਸੈਂਟਰ ਵਿਚ ਅਨੋਖੀ ਸਪਾਈਨਾ ਬਿਫਿਡਾ ਸਰਜਰੀ ’ਚੋਂ ਲੰਘੀ। ਬੁਰਜ਼ੀਲ ਮੈਡੀਕਲ ਸਿਟੀ ’ਚ ਕੰਸਲਟੈਂਟ, ਫੀਟਲ ਮੈਡੀਸਨ ਐਂਡ ਆਬਸਟ੍ਰੇਟਿਕਸ ਤੇ ਬੁਰਜ਼ੀਲ ਫਰਹਾ (ਔਰਤਾਂ ਤੇ ਬੱਚਿਆਂ ਦਾ ਵਿਭਾਗ) ਦੇ ਸੀ. ਈ. ਓ. ਡਾ. ਮਨਦੀਪ ਸਿੰਘ ਨੇ ਗਰਭ ’ਚ ਪਲ਼ ਰਹੇ 24 ਹਫ਼ਤਿਆਂ ਦੇ ਬੱਚੇ ਦੀ ਰੀੜ੍ਹ ਦੀ ਹੱਡੀ ਦੀ ਖਰਾਬੀ ਨੂੰ ਠੀਕ ਕਰਨ ਲਈ ਇਨ-ਯੂਟਰੋ ਸਰਜਰੀ ਕੀਤੀ ਹੈ।

ਉਹ ਦੁਨੀਆ ਦੇ ਉਨ੍ਹਾਂ ਕੁਝ ਸਰਜਨਾਂ ’ਚੋਂ ਇਕ ਹਨ, ਜਿਨ੍ਹਾਂ ਨੂੰ ਇਨ-ਯੂਟਰੋ ਸਪਾਈਨਾ ਬਿਫਿਡਾ ਦੀ ਸਰਜਰੀ ਕਰਨ ਲਈ ਸਿਖਲਾਈ ਦਿੱਤੀ ਗਈ ਹੈ। ਡਾ. ਸਿੰਘ ਨੇ ‘ਭਰੂਣ ਦੇ ਇਲਾਜ ਦੇ ਪਿਤਾਮਾ’ ਮੰਨੇ ਜਾਂਦੇ ਪ੍ਰੋ. ਕੀਪ੍ਰੋਸ ਨਿਕੋਲਾਈਡਸ ਦੀ ਦੇਖ-ਰੇਖ ’ਚ ਟ੍ਰੇਨਿੰਗ ਲਈ ਹੈ। ਉਹ ਕਿੰਗਜ਼ ਕਾਲਜ ਹਸਪਤਾਲ, ਡੈੱਨਮਾਰਕ ਹਿੱਲ, ਲੰਡਨ ਵਿਖੇ ਫੀਟਲ ਮੈਡੀਸਨ ਐਂਡ ਰਿਸਰਚ ਇੰਸਟੀਚਿਊਟ ਵਿਚ ਬਤੌਰ ਇਕ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਹਨ। ਸਪਾਈਨਾ ਬਿਫਿਡਾ ਇਕ ਜਮਾਂਦਰੂ ਨੁਕਸ ਹੈ। ਇਹ ਉਦੋਂ ਹੁੰਦਾ ਹੈ, ਜਦੋਂ ਰੀੜ੍ਹ ਦੀਆਂ ਹੱਡੀਆਂ ਪੂਰੀ ਤਰ੍ਹਾਂ ਨਹੀਂ ਬਣਦੀਆਂ ਅਤੇ ਇਸ ਕਾਰਨ ਰੀੜ੍ਹ ਦੀ ਹੱਡੀ ਐਮਨੀਓਟਿਕ ਤਰਲ ਦੇ ਸੰਪਰਕ ਵਿਚ ਆ ਜਾਂਦੀ ਹੈ, ਨਤੀਜੇ ਵਜੋਂ ਇਕ ਸਥਾਈ ਦਿਵਿਆਂਗਤਾ ਹੋ ਜਾਂਦੀ ਹੈ। ਇਸ ਸਥਿਤੀ ’ਚ ਅਕਸਰ ਅੰਤੜੀ ਅਤੇ ਬਲੈਡਰ ਦੇ ਨਿਯੰਤਰਣ, ਅਧਰੰਗ ਜਾਂ ਦੋਵੇਂ ਹੇਠਲੇ ਅੰਗਾਂ ਦੀਆਂ ਮਾਸਪੇਸ਼ੀਆਂ ਦੀ ਕਮਜ਼ੋਰੀ ਦੇ ਸਥਾਈ ਨੁਕਸਾਨ ਦਾ ਜੋਖ਼ਮ ਹੁੰਦਾ ਹੈ। ਰੀੜ੍ਹ ਦੀ ਹੱਡੀ ਵਿਚ ਪਾਈ ਜਾਣ ਵਾਲੀ ਇਸ ਕਮੀ ਨੂੰ ਦੂਰ ਕਰਨ ਲਈ ਗਰਭ ਅਵਸਥਾ ਦੇ 19-25 ਹਫ਼ਤਿਆਂ ਬਾਅਦ ਬੱਚੇਦਾਨੀ ਦੀ ਸਰਜਰੀ ਕੀਤੀ ਜਾਂਦੀ ਹੈ, ਜਿਸ ਨਾਲ ਵਧੀਆ ਨਤੀਜੇ ਮਿਲਦੇ ਹਨ। ਵਿਸ਼ਵ ਪੱਧਰ ’ਤੇ  ਸਪਾਈਨਾ ਬਿਫਿਡਾ ਦੇ ਮਾਮਲੇ 1,000 ’ਚੋਂ 1 ਪਾਏ ਜਾਂਦੇ ਹਨ।

ਡਾ. ਸਿੰਘ ਨੇ ਬੁਰਜ਼ੀਲ ਮੈਡੀਕਲ ਸਿਟੀ ਦੇ ਕਿਪ੍ਰੋਸ ਨਿਕੋਲਾਈਡਸ ਫੀਟਲ ਮੈਡੀਸਨ ਐਂਡ ਥੈਰੇਪੀ ਸੈਂਟਰ ਵਿਖੇ ਅਤਿ ਆਧੁਨਿਕ ਸਰਜਰੀ ਕਰਨ ਲਈ ਛੇ ਮੈਂਬਰੀ ਮੈਡੀਕਲ ਟੀਮ ਦੀ ਅਗਵਾਈ ਕੀਤੀ। ਇਸ ਟੀਮ ਦੇ ਡਾਕਟਰ ਉੱਚ-ਜੋਖਮ ਵਾਲੀ ਜਣੇਪਾ ਅਤੇ ਜਣੇਪੇ ਦੀ ਦੇਖਭਾਲ ’ਚ ਮਾਹਿਰ ਹਨ। ਡਾ. ਸਿੰਘ ਨੇ ਯੂ. ਕੇ. ਵਿਚ ਸਿਖਲਾਈ ਲੈਣ ਤੋਂ ਬਾਅਦ 22 ਸਾਲ ਤੱਕ ਉੱਥੇ ਕੰਮ ਕੀਤਾ। ਡਾ. ਸਿੰਘ ਅਨੁਸਾਰ ਇਹ ਪ੍ਰਕਿਰਿਆ ਕੋਈ ਇਲਾਜ ਨਹੀਂ ਹੈ ਪਰ ਜਨਮ ਤੋਂ ਬਾਅਦ ਦੇ ਜੀਵਨ ਵਿਚ ਵੱਡਾ ਬਦਲਾਅ ਲਿਆ ਸਕਦੀ ਹੈ। ਡਾ. ਸਿੰਘ ਨੇ ਕਿਹਾ ਕਿ ਸਪਾਈਨਾ ਬਿਫਿਡਾ ਦੀ ਇਨ ਯੂਟੇਰੋ ਮੁਰੰਮਤ ਅੰਗਾਂ ਦੇ ਮੋਟਰ ਫੰਕਸ਼ਨ ਦੇ ਨੁਕਸਾਨ ਨੂੰ ਘੱਟ ਕਰਦੀ ਹੈ ਅਤੇ ਨਤੀਜਿਆਂ ਵਿਚ ਸੁਧਾਰ ਕਰਦੀ ਹੈ। ਡਲਿਵਰੀ ਤੋਂ ਬਾਅਦ ਬੱਚੇ ਨੂੰ ਫਾਲੋਅੱਪ ਦੀ ਲੋੜ ਹੁੰਦੀ ਹੈ ਅਤੇ ਕੁਝ ਮਾਮਲਿਆਂ ਵਿਚ ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਫਿਜ਼ੀਓਥੈਰੇਪੀ ਅਤੇ ਹੋਰ ਡਾਕਟਰੀ ਮੁਲਾਂਕਣਾਂ ’ਚੋਂ ਗੁਜ਼ਰਨਾ ਪੈ ਸਕਦਾ ਹੈ। ਜੇਕਰ ਗਰਭ ਵਿਚ ਇਲਾਜ ਨਾ ਕੀਤਾ ਜਾਵੇ ਤਾਂ ਸਪਾਈਨਾ ਬਿਫਿਡਾ ਨਾਲ ਪੈਦਾ ਹੋਏ ਬੱਚੇ ਨੂੰ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਹੋ ਸਕਦੀਆਂ ਹਨ, ਜਿਵੇਂ ਕਿ ਲੱਤਾਂ ਦੀਆਂ ਮਾਸਪੇਸ਼ੀਆਂ ਵਿਚ ਤਾਕਤ ਦੀ ਕਮੀ ਦੇ ਨਾਲ ਹੀ ਅੰਤੜੀਆਂ ਅਤੇ ਬਲੈਡਰ ਨਿਯੰਤਰਣ ਵਰਗੀਆਂ ਕਈ ਤਰ੍ਹਾਂ ਦੀਆਂ ਜਟਿਲਤਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਸਾਰੇ ਖ਼ਤਰਿਆਂ ਦੇ ਬਾਵਜੂਦ ਭਰੂਣ ਦੀ ਸਰਜਰੀ ਬੱਚਿਆਂ ਦੀ ਸਥਿਤੀ ਨੂੰ ਸੁਧਾਰ ਸਕਦੀ ਹੈ। ਡਾ. ਸਿੰਘ ਨੇ ਕਿਹਾ, “ਇਨ-ਯੂਟਰੋ ਸਪਾਈਨਾ ਬਿਫਿਡਾ ਮੁਰੰਮਤ ਇਕ ਅਤਿ ਆਧੁਨਿਕ ਇਲਾਜ ਹੈ, ਜਿਸ ਵਿਚ ਬੱਚਿਆਂ ਦੀ ਹਾਲਤ ਵਿਚ ਕਾਫੀ ਹੱਦ ਤੱਕ ਸੁਧਾਰ ਕਰਨ ਦੀ ਸਮਰੱਥਾ ਹੈ। ਮੈਨੂੰ ਉਮੀਦ ਹੈ ਕਿ ਭਾਰਤ ਵਿਚ ਸੰਸਥਾਵਾਂ ਅਤੇ ਮਾਹਿਰਾਂ ਨਾਲ ਸਹਿਯੋਗ ਕਰਕੇ ਅਸੀਂ ਦੇਸ਼ ’ਚ ਅਜਿਹੇ ਉੱਨਤ ਇਲਾਜਾਂ ਤੱਕ ਪਹੁੰਚ ਵਧਾ ਸਕਦੇ ਹਾਂ, ਜਿਸ ਨਾਲ ਵਿਦੇਸ਼ ਯਾਤਰਾ ਕਰਨ ਦੀ ਜ਼ਰੂਰਤ ਨੂੰ ਖ਼ਤਮ ਕੀਤਾ ਜਾ ਸਕਦਾ ਹੈ।


Manoj

Content Editor

Related News