ਯੂਨਸ ਨੇ ਪਾਕਿ ਜਨਰਲ ਨੂੰ ਵਿਵਾਦਪੂਰਨ ਨਕਸ਼ਾ ਕੀਤਾ ਭੇਟ, ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਨੂੰ ਦਿਖਾਇਆ ਆਪਣਾ ਹਿੱਸਾ
Tuesday, Oct 28, 2025 - 10:24 AM (IST)
ਢਾਕਾ (ਇੰਟ.)- ਪਾਕਿਸਤਾਨੀ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੇ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਪਾਕਿਸਤਾਨੀ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਇਕ ਵਿਵਾਦਪੂਰਨ ਕਿਤਾਬ ਤੋਹਫ਼ੇ ਵਿਚ ਦਿੱਤੀ।
ਇਸ ਕਿਤਾਬ ਦੇ ਕਵਰ ’ਤੇ ਛਪਿਆ ਨਕਸ਼ਾ, ਜਿਸ ਦਾ ਸਿਰਲੇਖ ‘ਆਰਟ ਆਫ਼ ਟ੍ਰਾਇੰਫ’ ਹੈ, ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਨੂੰ ਬੰਗਲਾਦੇਸ਼ ਦਾ ਹਿੱਸਾ ਦਰਸਾਉਂਦਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ। ਸ਼ਮਸ਼ਾਦ ਮਿਰਜ਼ਾ ਆਸਿਫ਼ ਮੁਨੀਰ ਤੋਂ ਬਾਅਦ ਪਾਕਿਸਤਾਨੀ ਫੌਜ ਵਿਚ ਦੂਜੇ ਸਭ ਤੋਂ ਸ਼ਕਤੀਸ਼ਾਲੀ ਅਧਿਕਾਰੀ ਹਨ। ਮੰਨਿਆ ਜਾ ਰਿਹਾ ਹੈ ਕਿ ਮੁਨੀਰ ਤੋਂ ਬਾਅਦ ਮਿਰਜ਼ਾ ਹੀ ਪਾਕਿਸਤਾਨੀ ਫੌਜ ਦੇ ਮੁਖੀ ਬਣਨਗੇ।
‘ਆਰਟ ਆਫ਼ ਟ੍ਰਾਇੰਫ’ ਇਕ ਆਰਟ ਬੁੱਕ ਹੈ, ਜੋ ਜੁਲਾਈ-ਅਗਸਤ 2024 ਵਿਚ ਬੰਗਲਾਦੇਸ਼ ’ਚ ਵਿਦਿਆਰਥੀ-ਜਨ ਲਹਿਰ ਦੌਰਾਨ ਬਣੀ ਗ੍ਰੈਫਿਟੀ (ਕੰਧਾਂ ’ਤੇ ਬਣੀ ਚਿੱਤਰਕਾਰੀ) ਅਤੇ ਹੋਰ ਪੇਂਟਿੰਗਜ਼ ਨੂੰ ਪ੍ਰਦਰਸ਼ਿਤ ਕਰਦੀ ਹੈ। ਇਸ ਨੂੰ ਅੰਤ੍ਰਿਮ ਮੁੱਖ ਸਲਾਹਕਾਰ ਯੂਨਸ ਨੇ ਪਿਛਲੇ ਸਾਲ ਸਤੰਬਰ ਵਿਚ ਜਾਰੀ ਕੀਤਾ ਸੀ। ਫਿਲਹਾਲ ਇਹ ਕਿਤਾਬ ਜਨਤਕ ਤੌਰ ’ਤੇ ਵਿਕਰੀ ਲਈ ਉਪਲਬਧ ਨਹੀਂ ਹੈ।
ਬੰਗਲਾਦੇਸ਼ ਦੇ ਨੇਤਾ ਪਹਿਲਾਂ ਇਸ ਕਿਤਾਬ ਨੂੰ ਤੋਹਫ਼ੇ ਵਜੋਂ ਵਰਤ ਚੁੱਕੇ ਹਨ। ਸਤੰਬਰ 2024 ਵਿਚ ਯੂਨਸ ਨੇ ਇਸ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਤੋਹਫ਼ੇ ਵਜੋਂ ਦਿੱਤਾ ਸੀ। ਇਸ ਕਿਤਾਬ ਨੂੰ ਤੋਹਫ਼ੇ ਵਜੋਂ ਦੇਣਾ ਇਕ ਰਾਜਨੀਤਕ ਅਤੇ ਕੂਟਨੀਤਕ ਸੰਕੇਤ ਮੰਨਿਆ ਜਾ ਰਿਹਾ ਹੈ। ਢਾਕਾ ਟ੍ਰਿਬਿਊਨ ਦੇ ਅਨੁਸਾਰ ਇਹ ਕਿਤਾਬ 12 ਤੋਂ ਵੱਧ ਵਿਦੇਸ਼ੀ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਤੋਹਫ਼ੇ ਵਜੋਂ ਦਿੱਤੀ ਗਈ ਹੈ।
