ਮਸ਼ਹੂਰ ਹੋਣ ਲਈ ਟਾਵਰ ''ਤੇ ਚੜ੍ਹ ਗਿਆ ਯੂਟਿਊਬਰ, ਰੈਸਕਿਊ ਕਰਨ ਨੂੰ ਲੱਗੇ 5 ਘੰਟੇ
Monday, Jul 01, 2024 - 12:31 PM (IST)
ਨਵੀਂ ਦਿੱਲੀ, ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਲਈ ਲੋਕ ਵੱਖ-ਵੱਖ ਤਰੀਕੇ ਜਾਂ ਟ੍ਰਿਕਸ ਅਪਣਾਉਂਦੇ ਹਨ ਅਤੇ ਇਸ ਦੀਆਂ ਕਈ ਉਦਾਹਰਣਾਂ ਲੋਕ ਦੇਖ ਚੁੱਕੇ ਹਾਂ ਪਰ ਹਾਲ ਹੀ 'ਚ ਨੋਇਡਾ ਦੇ ਇਕ ਯੂਟਿਊਬਰ ਨੇ ਪ੍ਰਸਿੱਧੀ ਹਾਸਲ ਕਰਨ ਲਈ ਕੁਝ ਅਜਿਹਾ ਕੀਤਾ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜੀ ਹਾਂ, ਇੱਥੇ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਦੀ ਲਾਲਸਾ ਨਾਲ ਇਕ ਯੂਟਿਊਬਰ ਟਾਵਰ 'ਤੇ ਚੜ੍ਹ ਗਿਆ ਅਤੇ ਕਰੀਬ 5 ਘੰਟੇ ਦੇ ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਪੁਲਸ ਨੇ ਉਸ ਨੂੰ ਹੇਠਾਂ ਉਤਾਰਿਆ।
ਯੂਟਿਊਬਰ ਦੀ ਪਛਾਣ ਨੀਲੇਸ਼ਵਰ ਵਜੋਂ ਕੀਤੀ ਗਈ ਹੈ ਅਤੇ ਉਹ ਮਸ਼ਹੂਰ ਯੂਟਿਊਬਰ ਦੱਸਿਆ ਜਾ ਰਿਹਾ ਹੈ। ਨੀਲੇਸ਼ਵਰ ਆਪਣੇ ਫਾਲੌਅਰਜ਼ ਨੂੰ ਵਧਾਉਣ ਲਈ ਟਾਵਰ 'ਤੇ ਚੜ੍ਹਿਆ ਸੀ। ਨੀਲੇਸ਼ਵਰ ਦਾ ਯੂਟਿਊਬ ਚੈਨਲ ਹੈ ਅਤੇ ਉਸ ਦੇ 8.87 ਹਜ਼ਾਰ ਸਬਸਕ੍ਰਾਈਬਰ ਹਨ। ਨੀਲੇਸ਼ਵਰ ਨੇ ਲੋਕਾਂ ਨੂੰ ਆਕਰਸ਼ਿਤ ਕਰਨ ਅਤੇ ਵਿਊਜ਼ ਹਾਸਲ ਕਰਨ ਲਈ ਇਹ ਜੋਖਮ ਭਰਿਆ ਕੰਮ ਕਰਨ ਦਾ ਫੈਸਲਾ ਕੀਤਾ। ਉਹ ਲਾਈਵ ਸਟ੍ਰੀਮ ਲਈ ਸਟੰਟ ਨੂੰ ਫਿਲਮਾਂ ਰਹੇ ਇਕ ਦੋਸਤ ਦੇ ਨਾਲ ਟਾਵਰ 'ਤੇ ਚੜ੍ਹ ਗਿਆ ਅਤੇ ਉਸਦਾ ਦੋਸਤ ਘਟਨਾ ਨੂੰ ਕੈਮਰੇ ਵਿੱਚ ਕੈਦ ਕਰਨ ਲਈ ਹੇਠਾਂ ਹੀ ਰਿਹਾ। ਨੀਲੇਸ਼ਵਰ ਨੇ ਇਹ ਜਾਨਲੇਵਾ ਸਟੰਟ ਗ੍ਰੇਟਰ ਨੋਇਡਾ ਦੇ ਟਿਗਰੀ ਪਿੰਡ 'ਚ ਕੀਤਾ ਸੀ।
ਜਦੋਂ ਸਥਾਨਕ ਨਿਵਾਸੀਆਂ ਨੇ ਇਸ ਖਤਰਨਾਕ ਘਟਨਾ ਨੂੰ ਦੇਖਿਆ ਅਤੇ ਮੌਕੇ 'ਤੇ ਪਹੁੰਚੇ ਤਾਂ ਵਧਦੀ ਭੀੜ ਨੂੰ ਦੇਖ ਕੇ ਨੀਲੇਸ਼ਵਰ ਦਾ ਦੋਸਤ ਉਸ ਨੂੰ ਟਾਵਰ ਦੇ ਉੱਪਰ ਇਕੱਲਾ ਛੱਡ ਕੇ ਭੱਜ ਗਿਆ। ਨੀਲੇਸ਼ਵਰ ਟਾਵਰ 'ਤੇ ਬੈਠਾ ਸੀ ਕਿ ਅਚਾਨਕ ਹੇਠਾਂ ਭੀੜ ਇਕੱਠੀ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਪਰ ਨੀਲੇਸ਼ਵਰ ਨੂੰ ਹੇਠਾਂ ਲਿਆਉਣ ਲਈ ਰਾਜੀ ਕਰਨ ਵਾਸਤੇ ਪੁਲਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੁਲਸ ਨੇ ਉਸ ਨੂੰ ਸੁਰੱਖਿਅਤ ਹੇਠਾਂ ਲਿਆਉਣ ਲਈ ਪੰਜ ਘੰਟੇ ਲਗਾਤਾਰ ਕੋਸ਼ਿਸ਼ ਕੀਤੀ।
ਪੁਲਸ ਨੇ ਲੋਕਾਂ ਨੂੰ ਆਨਲਾਈਨ ਪ੍ਰਸਿੱਧੀ ਲਈ ਖਤਰਨਾਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਬਚਣ ਦੀ ਅਪੀਲ ਕੀਤੀ ਹੈ। ਪੁਲਸ ਨੇ ਵੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਨ੍ਹਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਸਕੇ।