ਹਨੀਟ੍ਰੈਪ ਦੀ ਸਾਜਿਸ਼; ਕਾਰੋਬਾਰੀ ਤੋਂ 80 ਲੱਖ ਰੁਪਏ ਲੁੱਟ ਕੇ ਫਸੀ ਯੂ-ਟਿਊਬਰ ਨਮਰਾ ਕਾਦਿਰ

Wednesday, Dec 07, 2022 - 01:41 PM (IST)

ਹਨੀਟ੍ਰੈਪ ਦੀ ਸਾਜਿਸ਼; ਕਾਰੋਬਾਰੀ ਤੋਂ 80 ਲੱਖ ਰੁਪਏ ਲੁੱਟ ਕੇ ਫਸੀ ਯੂ-ਟਿਊਬਰ ਨਮਰਾ ਕਾਦਿਰ

ਗੁਰੂਗ੍ਰਾਮ- ਦਿੱਲੀ ਦੀ ਯੂ-ਟਿਊਬਰ ਨਮਰਾ ਕਾਦਿਰ ਨੂੰ ਇਕ ਨਿੱਜੀ ਫਰਮ ਦੇ ਮਾਲਕ ਨੂੰ ਹਨੀਟ੍ਰੈਪ ਦੇ ਜਾਲ ’ਚ ਫਸਾ ਕੇ ਉਸ ਤੋਂ 80 ਲੱਖ ਰੁਪਏ ਲੁੱਟਣ ਅਤੇ ਉਸ ਨੂੰ ਜਬਰ-ਜ਼ਿਨਾਹ ਦੇ ਮਾਮਲੇ ’ਚ ਫਸਾਉਣ ਦੀ ਧਮਕੀ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਉਸ ਨੂੰ ਰਾਸ਼ਟਰੀ ਰਾਜਧਾਨੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ 4 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ।

ਪੁਲਸ ਨੇ ਦੱਸਿਆ ਕਿ ਕਾਦਿਰ ਦਾ ਪਤੀ ਅਤੇ ਸਹਿ-ਮੁਲਜ਼ਮ ਮਨੀਸ਼ ਉਰਫ਼ ਵਿਰਾਟ ਬੈਨੀਵਾਲ ਫਰਾਰ ਹਨ, ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 22 ਸਾਲਾ ਕਾਦਿਰ ਦੇ ਵੀਡੀਓ ਸ਼ੇਅਰਿੰਗ ਪਲੇਟਫਾਰਮ ’ਤੇ 6 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ। ਗੁਰੂਗ੍ਰਾਮ ਪੁਲਸ ਨੇ ਦੱਸਿਆ ਕਿ ਬਾਦਸ਼ਾਹਪੁਰ ਵਾਸੀ ਦਿਨੇਸ਼ ਯਾਦਵ ਨੇ ਅਗਸਤ ’ਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਜੋੜੇ ਨੇ ਅੰਤਰਿਮ ਜ਼ਮਾਨਤ ਲਈ ਅਦਾਲਤ ਦਾ ਰੁਖ਼ ਕੀਤਾ ਸੀ।

ਯਾਦਵ ਮੁਤਾਬਕ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਰੱਦ ਹੋਣ ਮਗਰੋਂ 26 ਨਵੰਬਰ ਨੂੰ ਉਨ੍ਹਾਂ ਖ਼ਿਲਾਫ਼ ਸੈਕਟਰ-50 ਪੁਲਸ ਥਾਣੇ ਵਿਚ ਇਕ FIR ਦਰਜ ਕੀਤੀ ਗਈ ਸੀ। ਕਾਦਿਰ ਅਤੇ ਬੈਨੀਵਾਲ ਦਿੱਲੀ ਦੇ ਸ਼ਾਲੀਮਾਰ ਬਾਗ ਦੇ ਵਸਨੀਕ ਹਨ। ਸੈਕਟਰ-50 ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਕਿਹਾ ਕਿ ਕਾਦਿਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਦਬਾਅ ’ਚ ਪੀੜਤ ਤੋਂ ਲਏ ਗਏ ਪੈਸੇ ਅਤੇ ਹੋਰ ਸਾਮਾਨ ਦੀ ਬਰਾਮਦਗੀ ਲਈ ਅਸੀਂ ਉਸ ਨੂੰ ਪੁਲਸ ਰਿਮਾਂਡ ’ਤੇ ਲਿਆ ਹੈ। ਉਸ ਦੇ ਪਤੀ ਅਤੇ ਸਹਿ-ਮੁਲਜ਼ਮ ਮਨੀਸ਼ ਉਰਫ਼ ਬੈਨੀਵਾਲ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Tanu

Content Editor

Related News