CM ਯੋਗੀ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ
Tuesday, Apr 25, 2023 - 02:50 PM (IST)

ਲਖਨਊ (ਵਾਰਤਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਇਕ ਅਣਜਾਣ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਸੁਸ਼ਾਂਤ ਗੋਲਫ਼ ਸਿਟੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਐਤਵਾਰ ਰਾਤ ਯੂ.ਪੀ.-112 ਹੈੱਡ ਕੁਆਰਟਰ 'ਚ ਸੋਸ਼ਲ ਮੀਡੀਆ ਦੇ ਵਟਸਐੱਪ ਡੈਸਕ 'ਤੇ ਇਕ ਸੰਦੇਸ਼ ਮਿਲਿਆ। ਉਨ੍ਹਾਂ ਕਿਹਾ,''ਸੰਦੇਸ਼ 'ਚ ਕਿਹਾ ਗਿਆ ਹੈ ਕਿ ਯੋਗੀ ਸੀ.ਐੱਮ. ਨੂੰ ਜਲਦ ਹੀ ਮਾਰ ਦੇਵਾਂਗਾ।''
ਉਨ੍ਹਾਂ ਕਿਹਾ ਕਿ ਖੁਫੀਆ, ਕਾਨੂੰਨ ਵਿਵਸਥਾ, ਸੁਰੱਖਿਆ ਅਤੇ ਅੱਤਵਾਦ ਰੋਕੂ ਦਸਤੇ (ਏ.ਟੀ.ਐੱਸ.) ਤੋਂ ਇਲਾਵਾ ਐਡੀਨਲ ਡਾਇਰੈਕਟਰ ਜਨਰਲ ਨੰ ਵੀ ਖ਼ਤਰੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਕ ਹਫ਼ਤੇ 'ਚ ਇਹ ਦੂਜੀ ਵਾਰ ਹੈ, ਜਦੋਂ ਯੋਗੀ ਨੂੰ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 17 ਅਪ੍ਰੈਲ ਨੂੰ ਬਾਗਪਤ 'ਚ ਇਕ ਸ਼ਖ਼ਸ ਖ਼ਿਲਾਫ਼ ਸੀ.ਐੱਮ. ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਅਮਨ ਰਜਾ ਨਾਮ ਦੇ ਸ਼ਖਸ ਨੇ ਫੇਸਬੁੱਕ 'ਤੇ ਮੈਸੇਜ ਪੋਸਟ ਕੀਤਾ ਸੀ ਕਿ ਉਹ ਸੀ.ਐੱਮ. ਨੂੰ ਗੋਲੀ ਮਾਰ ਦੇਵੇਗਾ। ਸਬ ਇੰਸਪੈਕਟਰ ਵਿਨੋਦ ਕੁਮਾਰ ਦੀ ਸ਼ਿਕਾਇਤ 'ਤੇ ਅਮਨ ਰਜਾ ਖ਼ਿਲਾਫ਼ ਕੋਤਵਾਲੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ।