ਰੋਕ ਦੇ ਬਾਵਜੂਦ ਸੀ. ਐੱਮ. ਯੋਗੀ ਪੁੱਜੇ ਮਮਤਾ ਦੇ ਗੜ੍ਹ 'ਚ
Tuesday, Feb 05, 2019 - 05:30 PM (IST)

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਪਾਰਟੀ ਵਿਚਾਲੇ ਸਿਆਸੀ ਜੰਗ ਛਿੜੀ ਹੋਈ ਹੈ। ਮਮਤਾ ਸਰਕਾਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਯਾਨਾਥ ਨੂੰ ਬੰਗਾਲ 'ਚ ਐਂਟਰੀ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਦੇ ਬਾਵਜੂਦ ਯੋਗੀ ਦਾ ਹੈਲੀਕਾਪਟਰ ਝਾਰਖੰਡ ਦੇ ਬੋਕਾਰੋ 'ਚ ਲੈਂਡ ਹੋਇਆ। ਇਸ ਤੋਂ ਬਾਅਦ ਉਹ ਪੱਛਮੀ ਬੰਗਾਲ ਦੇ ਜ਼ਿਲੇ ਪੁਰੂਲੀਆ 'ਚ ਜਨ ਸਭਾ ਵਾਲੀ ਥਾਂ 'ਤੇ ਪਹੁੰਚੇ। ਯੋਗੀ ਨੇ ਇੱਥੇ ਪਹੁੰਚਣ ਤੋਂ ਪਹਿਲਾਂ ਕਿਹਾ ਕਿ ਪੱਛਮੀ ਬੰਗਾਲ ਸਰਕਾਰ ਅਲੋਕਤੰਤਰੀ ਅਤੇ ਅਸੰਵਿਧਾਨਕ ਗਤੀਵਿਧੀਆਂ ਵਿਚ ਉਲਝੀ ਹੋਈ ਹੈ। ਮਮਤਾ ਆਪਣੀਆਂ ਗਤੀਵਿਧੀਆਂ ਨੂੰ ਲੁਕਾਉਣ ਲਈ ਬੰਗਾਲ ਵਿਚ ਮੇਰੇ ਵਰਗੇ ਸੰਨਿਆਸੀ ਅਤੇ ਯੋਗੀ ਨੂੰ ਬੰਗਾਲ 'ਚ ਇਕ ਕਦਮ ਨਹੀਂ ਰੱਖਣ ਦੇ ਰਹੀ ਹੈ।
ਯੋਗੀ ਨੇ ਅੱਗੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਗੁਰੂਦੇਵ ਰਵਿੰਦਰਨਾਥ ਟੈਗੋਰ ਦੀ ਕਰਮ ਭੂਮੀ, ਸਾਡਾ ਬੰਗਾਲ, ਅੱਜ ਮਮਤਾ ਬੈਨਰਜੀ ਅਤੇ ਉਨ੍ਹਾਂ ਦੀ ਸਰਕਾਰ ਦੀ ਅਰਾਜਕਤਾ ਅਤੇ ਗੁੰਡਾਗਰਦੀ ਨਾਲ ਪੀੜਤ ਹੈ। ਮੈਂ ਪੁਰੂਲੀਆ ਵਿਚ ਤੁਹਾਡੇ ਸਾਰਿਆਂ ਦਰਮਿਆਨ ਭ੍ਰਿਸ਼ਟਾਚਾਰੀਆਂ ਦੇ ਗਠਜੋੜ ਲਈ ਚੁਣੌਤੀ ਬਣ ਕੇ ਖੜ੍ਹਾ ਹੋਵਾਂਗਾ। ਇਸ ਤੋਂ ਪਹਿਲਾਂ ਪੁਰੂਲੀਆ ਵਿਚ ਹੈਲੀਕਾਪਟਰ ਦੇ ਲੈਂਡਿੰਗ ਦੀ ਆਗਿਆ ਨਾ ਮਿਲਣ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਟਵੀਟ ਕਰ ਕੇ ਮਮਤਾ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ ਸੀ।