ਜੇਲ੍ਹ ’ਚ ਬੰਦ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਹਸਪਤਾਲ ’ਚ ਦਾਖ਼ਲ
Wednesday, Jul 27, 2022 - 03:43 PM (IST)

ਨਵੀਂ ਦਿੱਲੀ– ਰਾਜਧਾਨੀ ਦਿੱਲੀ ਦੀ ਤਿਹਾੜ ਜੇਲ੍ਹ ’ਚ ਭੁੱਖ ਹੜਤਾਲ ਕਰ ਰਹੇ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਸਿਹਤ ਵਿਗੜਨ ਮਗਰੋਂ RML ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਬੁੱਧਵਾਰ ਨੂੰ ਮਲਿਕ ਦੇ ਬਲੱਡ ਪ੍ਰੈੱਸ਼ਰ (ਬੀਪੀ) ’ਚ ਉਤਾਰ-ਚੜ੍ਹਾਅ ਆ ਰਿਹਾ ਹੈ, ਜਿਸ ਕਾਰਨ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮਲਿਕ ਨੇ ਹਸਪਤਾਲ ਦੇ ਡਾਕਟਰਾਂ ਨੂੰ ਇਕ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਇਲਾਜ ਕਰਾਉਣਾ ਨਹੀਂ ਚਾਹੁੰਦਾ ਹੈ। ਇਕ ਸੂਤਰ ਨੇ ਕਿਹਾ ਕਿ ਉਸ ਨੂੰ ਬੀਪੀ ’ਚ ਉਤਾਰ-ਚੜ੍ਹਾਅ ਮਗਰੋਂ ਮੰਗਲਵਾਰ ਨੂੰ ਆਰ. ਐੱਮ. ਐੱਲ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਪਾਬੰਦੀਸ਼ੁਦਾ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (JKLF) ਦੇ ਮੁਖੀ ਮਲਿਕ ਨੇ ਬੀਤੇ ਸ਼ੁੱਕਰਵਾਰ ਸਵੇਰੇ ਆਪਣੀ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਸੀ। ਕੇਂਦਰ ਨੇ ਰੂਬਈਆ ਸਈਦੇ ਅਗਵਾ ਮਾਮਲੇ ਦੀ ਸੁਣਵਾਈ ਕਰ ਰਹੀ ਜੰਮੂ ਦੀ ਅਦਾਲਤ ’ਚ ਉਸ ਨੂੰ ਪੇਸ਼ ਹੋਣ ਦੀ ਆਗਿਆ ਨਹੀਂ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਭੁੱਖ-ਹੜਤਾਲ ਸ਼ੁਰੂ ਕੀਤੀ। ਮਲਿਕ ਇਸ ਮਾਮਲੇ ’ਚ ਦੋਸ਼ੀ ਹੈ। ਮਲਿਕ ਨੂੰ ਤਿਹਾੜ ਜੇਲ੍ਹ ਨੰਬਰ-7 ’ਚ ਹਾਈ ਰਿਸਕ ਸੈੱਲ ’ਚ ਇਕੱਲੇ ਰੱਖਿਆ ਗਿਆ ਹੈ। ਮਲਿਕ ਨੂੰ ਜਾਂਚ ਲਈ ਜੇਲ੍ਹ ਦੇ ਮੈਡੀਕਲ ਜਾਂਚ ਕਮਰੇ ’ਚ ਲਿਜਾਇਆ ਗਿਆ, ਜਿੱਥੇ ਉਸ ਨੂੰ ਤਰਲ ਪਦਾਰਥ ਦਿੱਤਾ ਜਾ ਰਿਹਾ ਸੀ। ਦੱਸ ਦੇਈਏ ਕਿ ਮਲਿਕ ਅੱਤਵਾਦ ਨੂੰ ਵਿੱਤੀ ਸਹਾਇਤਾ ਦੇ ਇਕ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।