ਹਰਿਆਣਾ: ਯਮੁਨਾ ’ਚ ਨਹਾਉਣ ਗਏ 10 ਨੌਜਵਾਨਾਂ ’ਤੇ ਜਾਨਲੇਵਾ ਹਮਲਾ, 5 ਨਦੀ ’ਚ ਡੁੱਬੇ
Monday, May 16, 2022 - 10:43 AM (IST)
ਯਮੁਨਾਨਗਰ (ਵਾਰਤਾ)– ਹਰਿਆਣਾ ਦੇ ਯਮੁਨਾਨਗਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਯਮੁਨਾਨਗਰ ’ਚ ਯਮੁਨਾ ਨਦੀ ’ਚ ਨਹਾਉਣ ਗਏ 10 ਨੌਜਵਾਨਾਂ ’ਤੇ ਪੁਰਾਣੀ ਰੰਜਿਸ਼ ਕਾਰਨ ਦੂਜੇ ਸਮੂਹ ਦੇ ਨੌਜਵਾਨਾਂ ਨੇ ਇੱਟਾਂ, ਪੱਥਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਨੌਜਵਾਨਾਂ ਨੇ ਜਾਨ ਬਚਾਉਣ ਲਈ ਨਹਿਰ ’ਚ ਛਾਲਾਂ ਮਾਰ ਦਿੱਤੀਆਂ। 10 ਨੌਜਵਾਨਾਂ ’ਚੋਂ 5 ਦੇ ਨਦੀ ’ਚ ਡੁੱਬ ਗਏ। ਪੁਲਸ ਨੇ ਦੱਸਿਆ ਕਿ 10 ’ਚੋਂ 5 ਨੇ ਕਿਸੇ ਤਰ੍ਹਾਂ ਲੁੱਕ ਕੇ ਆਪਣੀ ਜਾਨ ਬਚਾਈ ਅਤੇ ਬਾਅਦ ਪਰਿਵਾਰ ਅਤੇ ਪੁਲਸ ਨੂੰ ਸੂਚਿਤ ਕੀਤਾ। ਹਮਲਾਵਰਾਂ ਨੇ ਯਮੁਨਾ ਨਦੀ ’ਚ ਡੁੱਬਣ ਵਾਲੇ ਨੌਜਵਾਨਾਂ ਦੀ ਕਾਰ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਦਿੱਤਾ।
ਪੁਲਸ ਮੌਕੇ ’ਤੇ ਪਹੁੰਚੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਨਦੀ ’ਚ ਨੌਜਵਾਨਾਂ ਦੀ ਭਾਲ ਸ਼ੁਰੂ ਹੋਈ ਪਰ ਕਈ ਘੰਟੇ ਦੀ ਤਲਾਸ਼ ਦੇ ਬਾਵਜੂਦ ਲਾਪਤਾ 5 ਨੌਜਵਾਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਨੌਜਵਾਨਾਂ ਦੇ ਪਰਿਵਾਰਾਂ ਮੁਤਾਬਕ ਨੌਜਵਾਨਾਂ ਦਾ 2 ਸਾਲ ਪਹਿਲਾਂ ਦੂਜੇ ਪੱਖ ਦੇ ਲੋਕਾਂ ਨਾਲ ਝਗੜਾ ਹੋਇਆ ਸੀ। ਜਿਸ ਦਾ ਮਾਮਲਾ ਅਦਾਲਤ ’ਚ ਚੱਲ ਰਿਹਾ ਹੈ ਅਤੇ ਮਾਮਲੇ ’ਚ ਦੋ ਦਿਨ ਬਾਅਦ ਗਵਾਹੀ ਸੀ। ਉਸੇ ਮਾਮਲੇ ਨੂੰ ਲੈ ਕੇ ਰੰਜਿਸ਼ ਤਹਿਤ ਹਮਲਾ ਕੀਤਾ ਗਿਆ। ਲਾਪਤਾ ਨੌਜਵਾਨਾਂ ਦੀ ਉਮਰ 19 ਤੋਂ 21 ਸਾਲ ਦੱਸੀ ਜਾ ਰਹੀ ਹੈ। ਜਗਾਧਰੀ ਦੇ ਰਹਿਣ ਵਾਲੇ ਇਨ੍ਹਾਂ ਨੌਜਵਾਨਾਂ ’ਚ ਸੰਨੀ, ਸੁਲੇਮਾਨ, ਅਲਾਉਦੀਨ, ਸਾਹਿਲ ਅਤੇ ਨਿਖਿਲ ਸ਼ਾਮਲ ਹਨ।