''ਲਾਇਸੈਂਸ ਹਥਿਆਰ ਨਿੱਜੀ ਸੁਰੱਖਿਆ ਲਈ ਹਨ, ਜਸ਼ਨ ਦੌਰਾਨ ਫਾਇਰਿੰਗ ਲਈ ਨਹੀਂ''
Tuesday, Mar 14, 2023 - 03:33 PM (IST)
ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ 'ਚ ਪਿਛਲੇ 3 ਹਫ਼ਤਿਆਂ ਦੌਰਾਨ ਦੋ ਜਸ਼ਨਾਂ ਦੌਰਾਨ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਨੂੰ ਵੇਖਦੇ ਹੋਏ ਪੁਲਸ ਸੁਪਰਡੈਂਟ ਮੋਹਿਤ ਹਾਂਡਾ ਨੇ ਕਿਹਾ ਕਿ ਉਲੰਘਣਾ ਕਰਨ ਵਾਲੇ ਆਪਣਾ ਅਸਲਾ ਲਾਇਸੈਂਸ ਗੁਆ ਦੇਣਗੇ। ਉਨ੍ਹਾਂ ਕਿਹਾ ਕਿ ਅਸਲਾ ਲਾਇਸੈਂਸ ਨਿੱਜੀ ਸੁਰੱਖਿਆ ਲਈ ਹੈ, ਜਸ਼ਨ ਮਨਾਉਣ ਲਈ ਫਾਇਰਿੰਗ ਲਈ ਨਹੀਂ।
ਵਿਆਹਾਂ 'ਚ ਹਥਿਆਰਾਂ ਦੀ ਵਰਤੋਂ ਗੈਰ-ਕਾਨੂੰਨੀ
ਐੱਸ. ਪੀ. ਮੋਹਿਤ ਹਾਂਡਾ ਨੇ ਕਿਹਾ ਕਿ ਲੋਕਾਂ ਨੂੰ ਸਿਰਫ ਸੁਰੱਖਿਆ ਲਈ ਹਥਿਆਰ ਰੱਖਣੇ ਚਾਹੀਦੇ ਹਨ। ਜਸ਼ਨ ਦੌਰਾਨ ਫਾਇਰਿੰਗ ਕਰਨਾ ਠੀਕ ਨਹੀਂ ਹੈ। ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ 'ਚ ਹਥਿਆਰਾਂ ਦੀ ਵਰਤੋਂ ਕਰਨ ਦਾ ਗੈਰ-ਕਾਨੂੰਨੀ ਹੈ।
ਵਿਆਹ ਸਮਾਰੋਹ ਦੌਰਾਨ ਹਵਾ 'ਚ ਚਲਾਈਆਂ ਗਈਆਂ ਸੀ ਗੋਲੀਆਂ
ਦਰਅਸਲ ਯਮੁਨਾਨਗਰ ਦੇ ਓਲਡ ਹਮੀਦਾ 'ਚ ਵਿਆਹ ਸਮਾਰੋਹ ਦੌਰਾਨ ਹਵਾ 'ਚ ਗੋਲੀਆਂ ਚਲਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਲਾੜਾ ਸੰਦੀਪ ਅਤੇ ਉਸ ਦੇ ਦੋਸਤ ਰੌਬਿਨ ਵਜੋਂ ਹੋਈ ਹੈ। ਇਸ ਗੋਲੀਬਾਰੀ ਕਾਰਨ ਮਹਿਮਾਨਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਛੱਤਾਂ ਤੋਂ ਜਸ਼ਨ ਦੇਖ ਰਹੇ ਗੁਆਂਢੀਆਂ ਦੀ ਜਾਨ ਨੂੰ ਖਤਰੇ 'ਚ ਪਾ ਦਿੱਤਾ ਸੀ।
ਲਾੜਾ ਗ੍ਰਿਫ਼ਤਾਰ, ਸਾਥੀ ਫ਼ਰਾਰ
ਯਮੁਨਾਨਗਰ ਸਿਟੀ ਸਟੇਸ਼ਨ ਦੇ ਹਾਊਸ ਅਫਸਰ, ਇੰਸਪੈਕਟਰ ਕਵਲਜੀਤ ਸਿੰਘ ਨੇ ਕਿਹਾ ਕਿ ਸੰਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਦਾ ਹਥਿਆਰ ਜ਼ਬਤ ਕਰ ਲਿਆ ਗਿਆ ਹੈ। ਉਸ ਦੇ ਅਸਲਾ ਲਾਇਸੈਂਸ ਨੂੰ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੂਜਾ ਮੁਲਜ਼ਮ ਰੌਬਿਨ ਫ਼ਰਾਰ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹਰਿਆਣਾ ਨੇ 2016 'ਚ ਜਸ਼ਨਾਂ ਦੌਰਾਨ ਫਾਇਰਿੰਗ 'ਤੇ ਲਾ ਦਿੱਤੀ ਸੀ ਰੋਕ
ਹਰਿਆਣਾ ਸਰਕਾਰ ਨੇ 2016 'ਚ ਪੰਜਾਬ ਦੇ ਬਠਿੰਡਾ 'ਚ ਇਕ ਵਿਆਹ ਸਮਾਰੋਹ ਦੌਰਾਨ ਫਾਇਰਿੰਗ 'ਚ ਇਕ ਆਰਕੈਸਟਰਾ ਡਾਂਸਰ ਦੀ ਮੌਤ ਮਗਰੋਂ ਵਿਆਹ ਸਮਾਰੋਹਾਂ 'ਚ ਹਥਿਆਰ ਲੈ ਕੇ ਜਾਣ 'ਤੇ ਪਾਬੰਦੀ ਲਾ ਦਿੱਤੀ ਸੀ।
ਆਰਮਜ਼ ਐਕਟ ਦੀ ਧਾਰਾ-25 ਮੁਤਾਬਕ ਜੇ ਕੋਈ ਵਿਅਕਤੀ ਹਥਿਆਰਾਂ ਦੀ ਵਰਤੋਂ ਕਾਹਲੀ ਜਾਂ ਲਾਪ੍ਰਵਾਹੀ ਨਾਲ ਜਾਂ ਜਸ਼ਨ ਮਨਾਉਣ ਲਈ ਕਰਦਾ ਹੈ, ਜਿਸ ਨਾਲ ਮਨੁੱਖੀ ਜ਼ਿੰਦਗੀ ਖ਼ਤਰੇ 'ਚ ਪੈ ਜਾਂਦੀ ਹੋਵੇ, ਉਸ ਨੂੰ ਜੇਲ੍ਹ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਜੋ ਕਿ 2 ਸਾਲ ਦੀ ਹੋ ਸਕਦੀ ਹੈ। ਇਸ ਤੋਂ ਇਲਾਵਾ 1ਲੱਖ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਹਨ।