ਚੀਨ ਦੀਆਂ ਭਾਰਤ ਵਿਰੁੱਧ ਚਾਲਾਂ ਰਹੀਆਂ ਅਸਫਲ : ਅਮਰੀਕੀ ਰਸਾਲਾ

Monday, Sep 14, 2020 - 03:58 PM (IST)

ਚੀਨ ਦੀਆਂ ਭਾਰਤ ਵਿਰੁੱਧ ਚਾਲਾਂ ਰਹੀਆਂ ਅਸਫਲ : ਅਮਰੀਕੀ ਰਸਾਲਾ

ਵਾਸ਼ਿੰਗਟਨ- ਅਮਰੀਕਾ ਦੀ ਇਕ ਮਸ਼ਹੂਰ ਪੱਤਰਿਕਾ 'ਦਿ ਵੀਕ' ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਭਾਰਤ ਵਿਚ ਚੀਨੀ ਫ਼ੌਜ ਦੇ ਹਾਲੀਆ ਹਾਈ ਪ੍ਰੋਫਾਇਲ ਘੁਸਪੈਠ ਦਾ ਰਚਨਾਕਾਰ ਦੱਸਿਆ ਹੈ। ਪੱਤਰਿਕਾ ਮੁਤਾਬਕ ਚੀਨੀ ਰਾਸ਼ਟਰਪਤੀ ਨੇ ਭਾਰਤ ਵਿਚ ਪੀ. ਐੱਲ. ਏ. ਦੀ ਘੁਸਪੈਠ ਦੀ ਯੋਜਨਾ ਨੂੰ ਹਰੀ ਝੰਡੀ ਦੇ ਕੇ ਆਪਣੇ ਭਵਿੱਖ ਨੂੰ ਖਤਰੇ ਵਿਚ ਪਾ ਦਿੱਤਾ ਹੈ। ਚੀਨੀ ਫ਼ੌਜ ਦੀ ਇਹ ਸਾਜਸ਼ ਬੁਰੀ ਤਰ੍ਹਾਂ ਨਾਲ ਫ਼ੇਲ੍ਹ ਰਹੀ ਹੈ ਕਿਉਂਕਿ ਭਾਰਤ ਦੀ ਫ਼ੌਜ ਨੇ ਅਪ੍ਰਤੱਖ ਰੂਪ ਨਾਲ ਚੀਨੀ ਫ਼ੌਜ ਨੂੰ ਭਿਆਨਕ ਜਵਾਬ ਦਿੱਤਾ ਹੈ ਅਤੇ ਚੀਨ ਦੀ ਇਹ ਕੋਸ਼ਿਸ਼ ਅਸਫਲ ਰਹੀ ਹੈ। 

ਅਮਰੀਕੀ ਪੱਤਰਿਕਾ ਦਿ ਵੀਕ ਦੇ ਲੇਖਕ ਗਾਰਡਨ ਜੀ ਚਾਂਗ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਚੀਨੀ ਫ਼ੌਜ ਨੂੰ ਜ਼ੋਰਦਾਰ ਹਾਰ ਦਿੱਤੀ ਹੈ ਅਤੇ ਹੁਣ ਭਾਰਤ ਨੂੰ ਸ਼ੀ ਜਿਨਪਿੰਗ ਦੇ ਅਗਲੇ ਕਦਮ 'ਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ। 

ਪੱਤਰਿਕਾ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ 67 ਸਾਲਾ ਸ਼ੀ ਚੀਨ ਦੀ ਕਮਿਊਨਿਸਟ ਪਾਰਟੀ ਵਿਚ ਮਰਜ਼ੀ ਦੇ ਬਦਲਾਅ ਕਰ ਰਹੇ ਹਨ ਅਤੇ ਸਮੂਹਿਕ ਰੂਪ ਨਾਲ ਆਪਣੇ ਵਿਰੋਧੀਆਂ ਨੂੰ ਦਰੜ ਰਹੇ ਹਨ। ਭਾਰਤ ਦੀ ਸਰਹੱਦ 'ਤੇ ਚੀਨ ਦੀ ਫ਼ੌਜ ਦੀ ਹਾਰ ਦੇ ਬਾਅਦ ਜਿਨਪਿੰਗ ਕੁਝ ਹੋਰ ਬਰਹਿਮੀ ਭਰਿਆ ਕਦਮ ਚੁੱਕ ਸਕਦੇ ਹਨ। 

ਉਨ੍ਹਾਂ ਲਿਖਿਆ ਕਿ ਆਪਣੀਆਂ ਅਸਫਲਤਾਵਾਂ ਦੇ ਬਾਅਦ ਜਿਨਪਿੰਗ ਜੋ ਪੀਪਲਜ਼ ਲਿਬਰੇਸ਼ਨ ਫ਼ੌਜ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੁਖੀ ਹਨ, ਭਾਰਤੀ ਟਿਕਾਣਿਆਂ 'ਤੇ ਹੋਰ ਹਮਲਾਵਰ ਹੋਣ ਦੀ ਯੋਜਨਾ ਬਣਾ ਸਕਦੇ ਹਨ। ਜ਼ਿਕਰਯੋਗ ਹੈ ਕਿ 14-15 ਜੂਨ ਤੋਂ ਹੀ ਚੀਨ ਭਾਰਤ ਖਿਲਾਫ਼ ਹਮਲਾਵਰ ਰਵੱਈਆ ਰੱਖ ਰਿਹਾ ਹੈ ਪਰ ਚਾਹੇ ਉਹ ਲੱਦਾਖ ਦਾ ਗਲਵਾਨ ਹੋਵੇ ਜਾਂ ਪੈਂਗੋਂਗ ਝੀਲ ਜਾਂ ਫਿਰ ਦੂਜਾ ਮੋਰਚਾ, ਚੀਨ ਨੂੰ ਹਰ ਵਾਰ ਕਰਾਰੀ ਹਾਰ ਹੀ ਝੱਲਣੀ ਪਈ ਹੈ। ਪੱਤਰਿਕਾ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਗਲਵਾਨ ਵਿਚ ਚੀਨ ਦੇ ਘੱਟ ਤੋਂ ਘੱਟ 43 ਲੋਕ ਮਾਰੇ ਗਏ ਹਨ। 


author

Lalita Mam

Content Editor

Related News