ਵੁਹਾਨ ਤੋਂ ਪਾਕਿਸਤਾਨੀ ਵਿਦਿਆਰਥੀਆਂ ਨੂੰ ਕੱਢਣ ਨੂੰ ਤਿਆਰ ਭਾਰਤ

Friday, Feb 07, 2020 - 11:24 AM (IST)

ਵੁਹਾਨ ਤੋਂ ਪਾਕਿਸਤਾਨੀ ਵਿਦਿਆਰਥੀਆਂ ਨੂੰ ਕੱਢਣ ਨੂੰ ਤਿਆਰ ਭਾਰਤ

ਨਵੀਂ ਦਿੱਲੀ— ਕੋਰੋਨਾ ਵਾਇਰਸ ਨਾਲ ਪੀੜਤ ਚੀਨ ਦੇ ਵੁਹਾਨ ਸ਼ਹਿਰ ਤੋਂ ਆਪਣੇ 647 ਨਾਗਰਿਕਾਂ ਨੂੰ ਕੱਢਣ ਤੋਂ ਬਾਅਦ ਭਾਰਤ ਨੇ ਕਿਹਾ ਹੈ ਕਿ ਜੇਕਰ ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਅਪੀਲ ਆਉਂਦੀ ਹੈ ਤਾਂ ਉਹ ਉਸ ਦੇ ਨਾਗਰਿਕਾਂ ਨੂੰ ਵੀ ਬਚਾਉਣ ਬਾਰੇ ਵਿਚਾਰ ਕਰ ਸਕਦਾ ਹੈ। ਭਾਰਤ ਵਲੋਂ ਇਹ ਬਿਆਨ ਉਦੋਂ ਆਇਆ ਹੈ, ਜਦੋਂ ਸੋਸ਼ਲ ਮੀਡੀਆ 'ਚ ਕਈ ਪਾਕਿਸਤਾਨੀ ਵਿਦਿਆਰਥੀਆਂ ਦਾ ਵੀਡੀਓ ਸੰਦੇਸ਼ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਭਾਰਤ ਸਰਕਾਰ ਵਲੋਂ ਆਪਣੇ ਵਿਦਿਆਰਥੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕਰ ਰਹੇ ਹਨ, ਜਦਕਿ ਆਪਣੀ ਸਰਕਾਰ ਨੂੰ ਬੁਰਾ-ਭਲਾ ਕਹਿ ਰਹੇ ਹਨ।

647 ਨਾਗਰਿਕਾਂ ਨੂੰ 2 ਜਹਾਜ਼ਾਂ ਰਾਹੀਂ ਸੁਰੱਖਿਅਤ ਕੱਢਿਆ ਹੈ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਸ ਬਾਰੇ ਭਾਰਤ ਦੇ ਮਨੁੱਖੀ ਦ੍ਰਿਸ਼ਟੀਕੋਣ ਨੂੰ ਦੱਸਦੇ ਹੋਏ ਇਹ ਵੀ ਸਾਫ਼ ਕੀਤਾ ਕਿ ਹਾਲੇ ਤੱਕ ਪਾਕਿਸਤਾਨ ਵਲੋਂ ਇਸ ਤਰ੍ਹਾਂ ਦੀ ਕੋਈ ਅਪੀਲ ਨਹੀਂ ਮਿਲੀ ਹੈ। ਭਾਰਤ ਨੇ ਇਹ ਵੀ ਕਿਹਾ ਕਿ ਉਹ ਭਾਰੀ ਸਮੱਸਿਆ 'ਚੋਂ ਲੰਘ ਰਹੇ ਚੀਨ ਨੂੰ ਵੀ ਹਰ ਮਦਦ ਕਰਨ ਲਈ ਤਿਆਰ ਹੈ। ਰਵੀਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਭਾਰਤ ਨੇ ਵੁਹਾਨ ਤੋਂ ਆਪਣੇ 647 ਨਾਗਰਿਕਾਂ ਨੂੰ 2 ਜਹਾਜ਼ਾਂ ਰਾਹੀਂ ਸੁਰੱਖਿਅਤ ਕੱਢਿਆ ਹੈ। ਭਾਰਤ ਨੇ ਵੁਹਾਨ ਅਤੇ ਇਸ ਦੇ ਨੇੜੇ-ਤੇੜੇ ਰਹਿਣ ਵਾਲੇ ਆਪਣੇ ਸਾਰੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਸੰਪਰਕ ਕੀਤਾ ਸੀ ਪਰ ਅਸੀਂ ਉਨ੍ਹਾਂ ਨੂੰ ਨਾਗਰਿਕਾਂ ਨੂੰ ਵਾਪਸ ਲਿਆ ਸਕਦੇ ਹਨ, ਜੋ ਇਸ ਲਈ ਤਿਆਰ ਹੋਣ।

ਭਾਰਤੀ ਨਾਗਰਿਕਾਂ ਨੂੰ ਚੀਨ ਦੀ ਯਾਤਰਾ ਨਾ ਕਰਨ ਦੀ ਅਪੀਲ
ਕਰੀਬ 10 ਲੋਕ ਅਜਿਹੇ ਨਿਕਲੇ ਜੋ ਆਉਣਾ ਚਾਹੁੰਦੇ ਸਨ ਪਰ ਸਿਹਤ ਕਾਰਨਾਂ ਕਰ ਕੇ ਉਨ੍ਹਾਂ ਨੂੰ ਨਹੀਂ ਲਿਆਂਦਾ ਜਾ ਸਕਿਆ। ਕੋਰੋਨਾ ਵਾਇਰਸ ਦੀ ਸਕ੍ਰੀਨਿੰਗ ਕਰਦੇ ਹੋਏ ਇਨ੍ਹਾਂ ਨੂੰ ਸ਼ੱਕੀ ਪਾਇਆ ਗਿਆ ਅਤੇ ਭਾਰਤ-ਚੀਨ ਦੇ ਸਿਹਤ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਉੱਥੇ ਰੁਕਣਾ ਪਿਆ। ਹੁਣ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੀਨ ਦੀ ਯਾਤਰਾ ਨਾ ਕਰਨ। ਚੀਨ ਦੇ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ ਈ-ਵੀਜ਼ਾ ਦੀ ਸਹੂਲਤ ਫਿਲਹਾਲ ਖਤਮ ਕਰ ਦਿੱਤੀ ਗਈ ਹੈ।


author

DIsha

Content Editor

Related News